ਰਾਮਪੁਰਾ ਫੂਲ, 1 ਸਤੰਬਰ (ਹੇਮੰਤ ਕੁਮਾਰ ਸ਼ਰਮਾ)-ਰਾਮਪੁਰਾ ਸ਼ਹਿਰ 'ਚ ਰੇਲਵੇ ਫਾਟਕ 'ਤੇ ਨਿਰਮਾਣ ਅਧੀਨ ਫਲਾਈ ਓਵਰ ਪੁਲ ਦੀ ਉਸਾਰੀ ਨਾਲ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਗਿਆ | ਵਿਸ਼ੇਸ਼ ਤੌਰ 'ਤੇ ਪਟਿਆਲਾ ਮੰਡੀ ਤੇ ਨਾਭਾ ਮੰਡੀ ਦਾ ਆਪਸ 'ਚ ਲਿੰਕ ਟੁੱਟ ਗਿਆ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਪਰਮਪਾਲ ਕੌਰ ਸਿੱਧੂ ਨੇ ਲੋਕਾਂ ਦੀ ਮੰਗ ਨੂੰ ਵੇਖਦਿਆਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਸਟੇਟ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਰਾਮਪੁਰਾ 'ਚ ਅੰਡਰ ਪਾਸ ਬਣਾਉਣ ਦੀ ਮੰਗ ਕੀਤੀ ਸੀ ਰੇਲਵੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕੁਝ ਮਹੀਨੇ ਪਹਿਲਾਂ ਇਸ ਸਬੰਧੀ ਰਾਮਪੁਰਾ ਦਾ ਦੌਰਾ ਕੀਤਾ ਸੀ | ਗੁਰਪ੍ਰੀਤ ਮਲੂਕਾ ਤੇ ਪਰਮਪਾਲ ਕੌਰ ਸਿੱਧੂ ਨੇ ਅਧਿਕਾਰੀਆਂ ਨੂੰ ਮੌਕਾ ਵਿਖਾਕੇ ਸ਼ਹਿਰ ਵਾਸੀਆਂ ਦੀ ਸਮੱਸਿਆ ਤੋਂ ਜਾਣੂ ਕਰਵਾਇਆ ਸੀ | ਭਾਜਪਾ ਦੇ ਉਕਤ ਭਾਜਪਾ ਆਗੂਆਂ ਦੇ ਯਤਨਾਂ ਸਦਕਾ ਅੱਜ ਰੇਲਵੇ ਦੇ ਸੀਨਿਅਰ ਇੰਜੀਨੀਅਰ ਲਾਭ ਸਿੰਘ ਵਿਭਾਗੀ ਤਕਨੀਕੀ ਟੀਮ ਨਾਲ ਰਾਮਪੁਰਾ ਆਏ | ਉਨ੍ਹਾਂ ਗੁਰਪ੍ਰੀਤ ਮਲੂਕਾ ਨੂੰ ਜਾਣਕਾਰੀ ਦਿੱਤੀ ਕੇ ਰੇਲਵੇ ਅੰਡਰ ਪਾਸ ਦੀ ਉਸਾਰੀ ਜਲਦ ਆਰੰਭ ਹੋ ਜਾਵੇਗੀ | ਪਰਮਪਾਲ ਕੌਰ ਸਿੱਧੂ ਨੇ ਕਿਹਾ 5 ਤੋਂ 6 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਅੰਡਰ ਪਾਸ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ | ਗੋਨਿਆਣਾ, ਮੌੜ, ਤਲਵੰਡੀ ਤੇ ਮਾਨਸਾ ਬਾਰੇ ਰੇਲਵੇ ਵਿਭਾਗ ਨਾਲ ਸਬੰਧਿਤ ਮੰਗਾਂ ਵੀ ਜਲਦ ਹੀ ਪੂਰੀਆਂ ਹੀ ਜਾਣਗੀਆਂ | ਸ਼ਹਿਰ 'ਚ ਬਣ ਰਹੇ ਫਲਾਈ ਓਵਰ ਦੇ ਰੇਲਵੇ ਵਾਲੇ ਹਿੱਸੇ ਦਾ ਕੰਮ ਵੀ ਇਸ ਮਹੀਨੇ ਹੀ ਮੁਕੰਮਲ ਹੋ ਜਾਵੇਗਾ | ਗੁਰਪ੍ਰੀਤ ਮਲੂਕਾ ਪਰਮਪਾਲ ਕੌਰ ਸਿੱਧੂ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਤੋਂ ਇਲਾਵਾ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਰਾਮਪੁਰਾ ਦੇ ਸਟੇਸ਼ਨ ਮਾ: ਵਰਿੰਦਰ ਕੁਮਾਰ ਨੇ ਵੀ ਅਧਿਕਾਰੀਆਂ ਨੂੰ ਵਿਸਥਾਰ ਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਭਾਜਪਾ ਆਗੂ ਮੇਜਰ ਸਿੰਘ ਬਰਾੜ, ਸੰਜੀਵ ਗਰਗ, ਵਿਵੇਕ ਗਰਗ, ਚੰਦਨ ਕਾਂਤ, ਭਾਰਤ ਭੂਸ਼ਨ ਜੈਨ, ਨਰੇਸ਼ ਭੋਲਾ, ਰਾਜ ਕੁਮਾਰ, ਜੋਗਿੰਦਰ ਸਿੰਗਲਾ, ਅਤੁਲ ਗੋਇਲ, ਯਸ਼ ਪਾਲ, ਸੰਜੇ ਪ੍ਰੋਚਾ, ਮੋਹਿਤ ਕੋਹਲੀ, ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਹਾਜ਼ਰ ਸਨ |