ਬਠਿੰਡਾ, 1 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਆਪਣੀਆਂ ਮੰਗਾਂ ਦੇ ਸਬੰਧ 'ਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਬਲਵੰਤ ਮਹਿਰਾਜ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੀਆ ਮੰਗਾਂ ਜਿਵੇਂ ਕਿ ਸਹਿਕਾਰੀ ਸਭਾਵਾਂ ਰਾਹੀਂ ਖਾਦ ਨਾਲ ਵਾਧੂ ਸਮਾਨ ਜ਼ਬਰਦਸਤੀ ਵੰਡਿਆ ਜਾ ਰਿਹਾ ਹੈ, ਇਸ ਨੂੰ ਬੰਦ ਕੀਤਾ ਜਾਵੇ | ਪਿਛਲੇ ਸਾਲ ਪਰਾਲੀ ਨੂੰ ਲੈ ਕੇ ਕਿਸਾਨਾਂ ਉੱਪਰ ਮਾਮਲੇ ਦਰਜ ਕੀਤੇ ਗਏ ਸਨ, ਕਿਸਾਨਾਂ ਨੇ ਜੁਰਮਾਨੇ ਵੀ ਭਰ ਦਿੱਤੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ | ਸਰਕਾਰ ਨੂੰ ਵੀ ਚਾਹੀਦਾ ਹੈ, ਕਿ ਉਹ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਏ | 7 ਜ਼ਿਲਿਆਂ ਵਿਚ ਭਾਰੀ ਹੜ੍ਹ ਆਉਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ | ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ | ਬਲਵੰਤ ਸਿੰਘ ਮਹਿਰਾਜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜ਼ਿਲੇ੍ਹ ਅੰਦਰ ਚਿੱਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ | ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਵੇਲੇ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ਤੋਂ ਭਰੇ ਗਏ ਜ਼ਿੰਕ ਖਾਦ ਦੇ ਸੈਂਪਲ ਫ਼ੇਲ੍ਹ ਹੋਏ ਹਨ | ਦੋਸ਼ੀਆਂ ਉੱਤੇ ਕਾਰਵਾਈ ਕੀਤੀ ਜਾਵੇ | ਨਗਰ ਪੰਚਾਇਤਾਂ ਰਾਹੀਂ ਪੇਂਡੂ ਲੋਕਾਂ ਉੱਤੇ ਭਾਰੀ ਟੈਕਸ ਲਾਏ ਜਾ ਰਹੇ ਹਨ ਇਨ੍ਹਾਂ ਟੈਕਸਾਂ ਨੂੰ ਤੁਰੰਤ ਰੱਦ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਬਲਾਕ ਭਗਤਾ ਨੂੰ ਪ੍ਰਸ਼ਾਸਨ ਵਲੋਂ ਖ਼ਤਮ ਕੀਤਾ ਗਿਆ ਹੈ | ਇਸ ਨਾਲ ਪਿੰਡਾਂ ਦੇ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ, ਇਸ ਫ਼ੈਸਲੇ ਨੂੰ ਵਾਪਸ ਲਿਆ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੀਆ ਮੰਗਾ ਨਾ ਮੰਨੀਆ ਗਈਆਂ ਤਾ ਉਹ ਸੰਯੁਕਤ ਕਿਸਾਨ ਮੋਰਚੇ ਨਾਲ ਗੱਲ ਕਰਕੇ ਵੱਡੇ ਪੱਧਰ ਤੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ, ਜ਼ਿਲ੍ਹਾ ਜਨਰਲ ਸਕੱਤਰ ਕਿੰਦਾ ਜੰਡਾਵਾਲਾ, ਦਰਸਨ ਢਿੱਲੋਂ, ਗੁਰਪ੍ਰੀਤ ਢਿਪਾਲੀ, ਅੰਮਿ੍ਤਪਾਲ ਬਰਕੰਦੀ, ਬੂਟਾ ਢਿਪਾਲੀ, ਗੁਰਜੰਟ ਰਾਮਪੂਰਾ ਤੋਂ ਇਲਾਵਾ ਸਾਰੇ ਆਗੂ ਮੌਜੂਦ ਸਨ |