ਰਾਮਪੁਰਾ ਫੂਲ, 1 ਸਤੰਬਰ (ਹੇਮੰਤ ਕੁਮਾਰ ਸ਼ਰਮਾ): ਰਾਮਪੁਰਾ ਫੂਲ ਸ਼ਹਿਰ ਦਿਨ-ਬ-ਦਿਨ ਸਹੂਲਤਾਂ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ | ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਖਸਤਾ ਹਾਲਤ ਵਿਚ ਹਨ | ਇਸ ਸ਼ਹਿਰ ਦੇ ਜਿਹੜੇ ਮਰਜ਼ੀ ਰਾਸਤੇ ਰਾਹੀਂ ਦਾਖਲ ਹੋਇਆ ਜਾਵੇ, ਸਭ ਤੋਂ ਪਹਿਲਾਂ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਰਾਹਗੀਰਾਂ ਨੂੰ ਮੁਸੀਬਤ ਵਿਚ ਪਾ ਦਿੰਦਿਆਂ ਹਨ, ਸ਼ਹਿਰ ਦੀ ਕੋਈ ਵੀ ਸੜਕ ਟੋਇਆਂ ਤੋਂ ਬਗੈਰ ਨਹੀ ਹੈ, ਜੋ ਮੀਂਹ ਦੇ ਦਿਨਾਂ 'ਚ ਹੋਰ ਵੀ ਵੱਧ ਪ੍ਰੇਸ਼ਾਨੀ ਖੜੀ ਕਰਦੀਆਂ ਹਨ | ਟਰੈਫ਼ਿਕ ਵਿਵਸਥਾ ਦਾ ਸ਼ਹਿਰ ਵਿਚ ਐਨਾ ਬੁਰਾ ਹਾਲ ਹੈ ਕਿ ਸ਼ਹਿਰ ਦੇ ਮੇਨ ਬਾਜ਼ਾਰਾਂ ਵਿਚ ਲੱਗਦੇ ਟਰੈਫ਼ਿਕ ਜਾਮ ਨੇ ਲੋਕਾਂ ਦੀਆਂ ਮੁਸੀਬਤਾਂ ਵਿਚ ਵਾਧਾ ਕੀਤਾ ਹੋਇਆਂ ਹੈ | ਸ਼ਹਿਰ ਦੇ ਟੀ-ਪੁਆਇੰਟ, ਗਿੱਲ ਫਾਟਕਾਂ ਕੋਲ ਅਤੇ ਮੁੱਖ ਬਾਜ਼ਾਰਾਂ 'ਚ ਦਿਨ-ਬ-ਦਿਨ ਟਰੈਫ਼ਿਕ ਵਿਵਸਥਾ ਵਿਗੜਦੀ ਜਾ ਰਹੀ ਹੈ | ਇਸ ਤੋਂ ਇਲਾਵਾ ਸ਼ਹਿਰ ਵਿਚ ਓਵਰ ਬਰਿੱਜ ਦਾ ਨਿਰਮਾਣ ਚੱਲਦਾ ਹੋਣ ਕਾਰਨ ਵਾਹਨਾਂ ਦੇ ਗਿੱਲ ਕਲਾਂ ਵਾਲੇ ਫਾਟਕਾਂ ਦੇ ਰਾਸਤੇ ਰਾਹੀਂ ਲੰਘਣ ਕਾਰਨ ਅਤੇ ਰੋਜ਼ ਦੀ ਤਰ੍ਹਾਂ ਘੰਟਿਆਂ ਬੱਧੀ ਬੰਦ ਰਹਿੰਦੇ ਰੇਲਵੇ ਫਾਟਕਾਂ ਦੌਰਾਨ ਲੱਗਦੇ ਟਰੈਫ਼ਿਕ ਜਾਮ ਨੇ ਲੋਕਾਂ ਦੀਆਂ ਮੁਸੀਬਤਾਂ ਵਿਚ ਵਾਧਾ ਕੀਤਾ ਹੋਇਆਂ ਹੈ | ਹਰ ਇੱਕ ਸੱਤਾਧਾਰੀ ਪਾਰਟੀ ਵਲੋਂ ਲੋਕਾਂ ਨੂੰ ਵਧੀਆ ਸਾਫ਼ ਸੁਥਰੀਆਂ ਸੜਕਾਂ, ਵਧੀਆ ਟਰੈਫ਼ਿਕ ਵਿਵਸਥਾ/ ਖੁੱਲ੍ਹੇ ਬਾਜ਼ਾਰ ਆਦਿ ਦੇਣ ਦੇ ਵਾਧੇ ਕੀਤੇ ਜਾਂਦੇ ਹਨ, ਪਰ ਰਾਜਨੀਤਿਕ ਤਾਕਤ ਹੱਥ ਵਿਚ ਆਉਣ 'ਤੇ ਇਨ੍ਹਾਂ ਮੁੱਖ ਸਮੱਸਿਆਵਾਂ ਤੋਂ ਪਾਸਾ ਵੱਟ ਲਿਆ ਜਾਂਦਾ ਹੈ | ਹੁਣ ਆਪ ਪਾਰਟੀ ਦੀ ਸਰਕਾਰ ਦੇ ਲੰਬੇ ਕਾਰਜਕਾਲ ਦੌਰਾਨ ਵੀ ਇਹ ਸਮੱਸਿਆਵਾਂ ਦਾ ਕੋਈ ਹੱਲ ਨਹੀ ਹੋਇਆ | ਇਸ ਤੋਂ ਇਲਾਵਾ ਓਵਰਬਿ੍ਜ ਦੇ ਹੌਲੀ ਰਫ਼ਤਾਰ ਨਾਲ ਬਣਨ ਕਾਰਨ ਲੋਕਾਂ ਨੂੰ ਹਾਲੇ ਹੋਰ ਸਮਾਂ ਇੰਤਜ਼ਾਰ 'ਚ ਲੰਘਾਉਣਾ ਪਵੇਗਾ | ਸਫ਼ਾਈ ਪੱਖੋਂ ਵੀ ਸ਼ਹਿਰ ਦੀ ਸਥਿਤੀ ਕੋਈ ਵੀ ਵਧੀਆ ਨਹੀਂ ਹੈ, ਸ਼ਹਿਰ ਦੇ ਅੰਦਰ ਅਤੇ ਬਾਹਰੀ ਇਲਾਕਿਆਂ ਵਿਚ ਕੂੜੇ ਦੇ ਢੇਰ ਹੀ ਨਜ਼ਰ ਆਉਂਦੇ ਹਨ, ਸੰਬੰਧਿਤ ਨਗਰ ਕੌਸ਼ਲ ਵਲੋਂ ਸ਼ਹਿਰ ਤੋਂ ਦੂਰ ਕੂੜਾ ਡੰਪ ਬਣਾ ਕੇ ਸ਼ਹਿਰ ਨਿਵਾਸੀਆਂ ਨੂੰ ਕੂੜੇ ਦੇ ਢੇਰਾਂ ਤੋਂ ਨਿਜਾਤ ਦਿਵਾਈ ਜਾਵੇ | ਸ਼ਹਿਰ ਵਿਚ ਆਵਾਰਾ ਪਸ਼ੂਆਂ ਦੀ ਗਿਣਤੀ ਵਿਚ ਦਿਨ-ਬ- ਦਿਨ ਵਾਧਾ ਹੁੰਦਾ ਜਾ ਰਿਹਾ ਹੈ, ਸ਼ਹਿਰ ਵਿਚ ਝੁੰਡ ਬਣਾ ਕੇ ਸੜਕਾਂ 'ਤੇ ਘੁੰਮਦੇ ਆਵਾਰਾ ਪਸ਼ੂ ਰਾਤ ਦੇ ਸਮੇਂ ਹਾਦਸਿਆਂ ਨੂੰ ਸੱਦਾ ਦਿੰਦੇ ਹਨ | ਬੇਸ਼ੱਕ ਹਲਕੇ ਦੇ ਵਿਧਾਇਕ ਬਲਕਾਰ ਸਿੱਧੂ ਵਲੋਂ ਹਲਕੇ ਦੇ ਨਾਲ-ਨਾਲ ਸ਼ਹਿਰ ਨੂੰ ਵੀ ਨਮੂਨੇ ਦਾ ਸ਼ਹਿਰ ਬਣਾਉਣ ਦੇ ਭਾਸ਼ਣ ਅਕਸਰ ਸਟੇਜਾਂ 'ਤੇ ਦਿੰਦੇ ਰਹਿੰਦੇ ਹਨ, ਪਰ ਸ਼ਹਿਰ ਦੀਆਂ ਸਿਰ ਚੁੱਕੀ ਖੜੀਆਂ ਇਨ੍ਹਾਂ ਸਮੱਸਿਆਵਾਂ ਤੋਂ ਲੋਕਾਂ ਨੂੰ ਕਦੋਂ ਛੁਟਕਾਰਾ ਮਿਲੇਗਾ, ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ |