ਚਾਉਕੇ, 1 ਸਤੰਬਰ (ਮਨਜੀਤ ਸਿੰਘ ਘੜੈਲੀ)- ਪਿਛਲੇ ਦਿਨੀ ਲਸਾੜਾ ਡਰੇਨ ਦੇ ਟੁੱਟਣ ਨਾਲ ਪਿੰਡ ਪਿੱਥੋ ਦੇ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਹਲਕਾ ਮੌੜ ਕਾਂਗਰਸ ਦੇ ਸੇਵਾਦਾਰ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਪਿੰਡ ਪਿੱਥੋ ਵਿਖੇ ਲਸਾੜਾ ਡਰੇਨ ਦੇ ਪੁੱਜੇ, ਜਿੱਥੇ ਉਨ੍ਹਾਂ ਕਿਸਾਨ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਬਾਰੇ ਵਿਚਾਰਾਂ ਕੀਤੀਆਂ ਉੱਥੇ ਕਿਹਾ ਕਿ ਕਾਂਗਰਸ ਪਾਰਟੀ ਹਰ ਸਮੇਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪੰਜਾਬ ਵਿਚ ਹੋਏ ਹੜ੍ਹਾਂ ਕਾਰਨ ਲੋਕਾਂ ਦੇ ਨੁਕਸਾਨ ਦੀ ਪੂਰਤੀ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ ਤਾਂ ਜੋ ਇਸ ਸੰਕਟ ਦੀ ਘੜੀ ਚ ਕਿਸਾਨਾਂ ਦੀ ਬਾਂਹੀ ਫੜ੍ਹੀ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਜ਼ਿਲਿਆਂ ਵਿਚ ਹੜ੍ਹਾਂ ਦੇ ਤਬਾਹੀ ਮਚਾ ਰੱਖੀ ਹੈ, ਪਰ ਸਰਕਾਰ ਵਲੋਂ ਜਿਸ ਢੰਗ ਨਾਲ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀ ਉਹ ਨਹੀ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਸਮੇਂ ਸਿਰ ਡਰੇਨਾਂ ਦੀ ਸਫ਼ਾਈ ਕਰਵਾਈ ਹੁੰਦੀ ਤਾਂ ਕਿਸਾਨਾਂ ਨੂੰ ਆਹ ਦਿਨ ਨਾ ਵੇਖਣੇ ਪੈਂਦੇ ਕਿਉਂਕਿ ਇਨ੍ਹਾਂ ਡਰੇਨਾਂ ਵਿਚ ਦਰੱਖ਼ਤ ਅਕਸਰ ਹੀ ਡਿਗ ਪੈਂਦੇ ਹਨ, ਜਿਸ ਕਾਰਨ ਡਰੇਨਾਂ ਵਿਚ ਬਰਸਾਤਾਂ ਦਾ ਪਾਣੀ ਓਵਰਫ਼ਲੋ ਹੋ ਕੇ ਕਿਸਾਨਾਂ ਦੀਆਂ ਫ਼ਸਲਾਂ 'ਚ ਵੜ ਜਾਂਦਾ ਹੈ | ਇਸ ਦੌਰਾਨ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਟਰੈਕਟਰਾਂ 'ਚ ਤੇਲ ਪਾਉਣ ਲਈ ਕਿਸਾਨਾਂ ਨੂੰ ਪੰਜਾਹ ਹਜ਼ਾਰ ਦੀ ਨਕਦ ਵਿੱਤੀ ਸਹਾਇਤਾ ਮੌਕੇ ਤੇ ਹੀ ਦਿੱਤੀ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਖੋਖਰ, ਸਾਬਕਾ ਸਰਪੰਚ ਗਮਦੂਰ ਸਿੰਘ ਚਾਉਕੇ, ਮਿੱਠੂ ਸਿੰਘ ਭੈਣੀਵਾਲਾ, ਜ਼ੈਲਦਾਰ ਬਲਵਿੰਦਰ ਸਿੰਘ ਚਾਉਕੇ, ਸਰਪੰਚ ਜਗਸੀਰ ਸ਼ਰਮਾ ਖੋਖਰ, ਸੈੰਬਰ ਸਿੰਘ ਗਾਹਲੇ, ਇਕਾਈ ਪ੍ਰਧਾਨ ਲਾਭ ਸਿੰਘ, ਸਰਪੰਚ ਦਰਸਨ ਸਿੰਘ ਪਿੱਥੋ, ਭੋਲਾ ਸਿੰਘ ਪਿੱਥੋ, ਧਰਮਜੀਤ ਸਿੰਘ ਪਿੱਥੋ, ਸਰਬਜੀਤ ਸਿੰਘ ਮਾਨ, ਗੁਰਜੰਟ ਸਿੰਘ ਡਿੱਖ, ਸੁਖਦੇਵ ਸਿੰਘ ਮਹਿਣੇ ਵਾਲਾ, ਡਾਕਟਰ ਭੁਪਿੰਦਰ ਸਿੰਘ, ਜਗਮੀਤ ਸਿੰਘ ਡਿੱਖ ਤੋਂ ਇਲਾਵਾ ਵੱਡੀ ਗਿਣਤੀ ਚ ਕਿਸਾਨ ਹਾਜ਼ਰ ਸਨ |