ਤਲਵੰਡੀ ਸਾਬੋ, 2 ਸਤੰਬਰ (ਪੱਤਰ ਪ੍ਰੇਰਕ)-ਪਿਛਲੇ ਦਿਨਾਂ ਤੋਂ ਪੈ ਰਹੀਆਂ ਬਾਰਿਸ਼ਾਂ ਨੇ ਉਕਤ ਖਿੱਤੇ 'ਚ ਵੀ ਜਨਜੀਵਨ ਪ੍ਰਭਾਵਿਤ ਕਰਦਿਆਂ ਪਿੰਡਾਂ/ਸ਼ਹਿਰਾਂ 'ਚ ਵੱਡੀ ਗਿਣਤੀ ਘਰਾਂ ਨੂੰ ਹਾਨੀ ਪਹੁੰਚਾਈ ਹੈ ਅਤੇ ਕਈ ਥਾਈਾ ਤਾਂ ਮੀਂਹਾਂ ਕਾਰਣ ਘਰਾਂ ਦੀਆਂ ਛੱਤਾਂ ਡਿੱਗਣ ਕਰਕੇ ਗ਼ਰੀਬ ਲੋਕਾਂ ਦੇ ਆਰਥਿਕ ਨੁਕਸਾਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ ਜਿਸ ਕਰਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦੈ ਕਿ ਉਹ ਬਾਰਿਸ਼ਾਂ ਨਾਲ ਨੁਕਸਾਨੇ ਘਰਾਂ ਦੀ ਤੁਰੰਤ ਸਾਰ ਲਵੇ ਤੇ ਢਹਿ ਚੁੱਕੇ ਮਕਾਨ ਮਾਲਿਕਾਂ ਲਈ ਮੁਆਵਜ਼ਾ ਜਾਰੀ ਕਰੇ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਸਪੁੱਤਰ ਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਕਈ ਪਿੰਡਾਂ ਦੇ ਦੌਰੇ ਉਪਰੰਤ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਬਾਰਿਸ਼ਾਂ ਕਾਰਣ ਕਈ ਥਾਈਾ ਤਾਂ ਬਾਰਿਸ਼ਾਂ ਨੇ ਘਰਾਂ ਦੀਆਂ ਦੀਵਾਰਾਂ ਆਦਿ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਘਰ ਖਸਤਾ ਹਾਲ ਹੋ ਡਿੱਗਣ ਕਿਨਾਰੇ ਪੁੱਜ ਗਏ ਹਨ ਅਤੇ ਕਈ ਪਿੰਡਾਂ 'ਚ ਮਕਾਨ ਡਿੱਗ ਵੀ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਕੁਝ ਗਰੀਬ ਪਰਿਵਾਰਾਂ ਦੇ ਕਮਰਿਆਂ ਦੀਆਂ ਛੱਤਾਂ ਡਿੱਗਣ ਕਰਕੇ ਉਨ੍ਹਾਂ ਦੇ ਮਾਲ ਅਸਬਾਬ ਦਾ ਨੁਕਸਾਨ ਹੋਇਆ ਹੈ ਜੋ ਉਨ੍ਹਾਂ ਲਈ ਵੱਡਾ ਵਿੱਤੀ ਨੁਕਸਾਨ ਹੈ | ਦੌਰੇ ਸਮੇਂ ਸਿੱਧੂ ਨੇ ਲੋਕ ਮੁਸ਼ਕਿਲਾਂ ਵੀ ਸੁਣੀਆਂ ਤੇ ਜਲਦ ਹੱਲ ਦਾ ਯਕੀਨ ਦਿਵਾਇਆ | ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ, ਡੂੰਗਰ ਸਿੰਘ ਸੀਂਗੋ, ਐਡਵੋਕੇਟ ਗੁਰਤੇਜ ਸਿੰਘ ਭਾਗੀਵਾਂਦਰ, ਜਗਤਾਰ ਸਿੰਘ ਨੰਬਰਦਾਰ ਭਾਗੀਵਾਂਦਰ, ਕਿ੍ਸ਼ਨ ਯਾਦਵ, ਬਿੱਲਾ ਬਾਬਾ, ਟਹਿਲ ਸਿੰਘ ਲਹਿਰੀ, ਹਰਪਾਲ ਪੰਚ ਗਾਟਵਾਲੀ, ਗੁਰਾਂਦਿੱਤਾ ਸਿੰਘ ਸੀਂਗੋ ਆਦਿ ਮੌਜੂਦ ਸਨ |