ਬਠਿੰਡਾ, 3 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬਠਿੰਡਾ ਦੇ ਸੀ.ਆਈ.ਏ. ਸਟਾਫ-1 ਵਲੋਂ ਕਾਰ ਸਵਾਰ ਤਿੰਨ ਜਣਿਆਂ ਨੂੰ ਅੱਧਾ ਕਿੱਲੋ ਤੋਂ ਵੱਧ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ | ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਐੱਸ.ਪੀ. (ਡੀ) ਜਸਮੀਤ ਸਿੰਘ ਸਾਹੀਵਾਲ ਨੇ ਦੱਸਿਆ ਕਿ ਬੀਤੀ ਰਾਤ ਬਠਿੰਡਾ ਦੇ ਸੀ.ਆਈ.ਏ. ਸਟਾਫ-1 ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਬਠਿੰਡਾ ਦੇ ਮੁਕਤਸਰ ਰੋਡ 'ਤੇ ਸਥਿਤ ਹਾਈਟੈੱਕ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਇਕ ਸਵਿਫ਼ਟ ਕਾਰ ਮੁਕਤਸਰ ਵਾਲੇ ਪਾਸੇ ਤੋਂ ਆਈ, ਜਿਸ ਦੇ ਸਵਾਰਾਂ ਨੇ ਪੁਲਿਸ ਪਾਰਟੀ ਨੂੰ ਦੇਖਦੇ ਹੋਏ ਵਾਪਸ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਤੇ ਉਨ੍ਹਾਂ ਕੋਲ ਨਸ਼ੀਲਾ ਪਦਾਰਥ ਹੋਣ ਦੇ ਸ਼ੱਕ ਦੇ ਚੱਲਦਿਆਂ ਜਦੋਂ ਡੀ.ਐੱਸ.ਪੀ. (ਡੀ) ਖੁਸ਼ਪ੍ਰੀਤ ਸਿੰਘ ਨੂੰ ਸੱਦ ਕੇ ਉਨ੍ਹਾਂ ਦੀ ਮੌਜੂਦਗੀ 'ਚ ਉਕਤ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਕਾਰ 'ਚੋਂ 553 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਐੱਸ.ਪੀ. ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਪਹਿਚਾਣ ਸੰਜੀਵ ਸਿੰਘ ਉਰਫ਼ ਪੀਤੂ, ਜਸਵਿੰਦਰ ਸਿੰਘ ਉਰਫ਼ ਕੋਕੀ ਅਤੇ ਸਤੀਸ਼ ਕੁਮਾਰ ਵਾਸੀਆਨ ਬੀੜ ਤਲਾਬ ਬਸਤੀ ਬਠਿੰਡਾ ਵਜੋਂ ਹੋਈ ਹੈ, ਜਿਨ੍ਹਾਂ ਦੇ ਖਿਲਾਫ ਥਾਣਾ ਸਦਰ ਬਠਿੰਡਾ 'ਚ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ 'ਚੋਂ ਪੀਤੂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਪੁਲਿਸ ਥਾਣਿਆਂ 'ਚ ਤਿੰਨ ਮੁਕੱਦਮੇ ਦਰਜ ਹਨ ਤੇ ਉਹ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਮੁੜ ਨਸ਼ੇ ਦੇ ਧੰਦੇ ਨਾਲ ਜੁੜ ਗਿਆ | ਉਨ੍ਹਾਂ ਕਿਹਾ ਕਿ ਹੋਰ ਪੁੱਛ-ਗਿੱਛ ਲਈ ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ, ਜਿਸ ਦੌਰਾਨ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |