ਬਠਿੰਡਾ, 26 ਸਤੰਬਰ (ਸੱਤਪਾਲ ਸਿੰਘ ਸਿਵੀਆਂ)-6635 ਈ. ਟੀ. ਟੀ. ਅਧਿਆਪਕ ਯੂਨੀਅਨ ਨੇ ਅਧਿਆਪਕਾਂ ਦੀ ਤਨਖਾਹ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਤੈਅ ਕਰਨ ਦੀ ਮੰਗ ਕੀਤੀ ਹੈ, ਜਿਸ ਲਈ ਯੂਨੀਅਨ ਦੇ ਵਫ਼ਦ ਵਲੋਂ ਸੂਬਾ ਉਪ-ਪ੍ਰਧਾਨ ਕੁਲਦੀਪ ਖੋਖਰ ਅਤੇ ਡੀ. ਟੀ. ਐਫ. ਦੇ ਸੂਬਾ ਉਪ-ਪ੍ਰਧਾਨ ਜਗਪਾਲ ਸਿੰਘ ਬੰਗੀ ਦੀ ਅਗਵਾਈ 'ਚ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਮਨਿੰਦਰ ਕੌਰ ਨੂੰ ਮੰਗ-ਪੱਤਰ ਸੌਂਪਿਆ ਗਿਆ | ਇਸ ਮੌਕੇ ਅਧਿਆਪਕ ਆਗੂਆਂ ਨੇ ਦੱਸਿਆ ਕਿ ਜੱਗਾ ਸਿੰਘ ਬਨਾਮ ਪੰਜਾਬ ਸਰਕਾਰ ਵਾਲੇ ਪੰਜਾਬ ਪੇਅ ਸਕੇਲ ਕੇਸ ਵਿਚ ਜੋ 4 ਸਤੰਬਰ ਨੂੰ ਡੀ. ਪੀ. ਆਈ. ਐਲੀਮੈਂਟਰੀ ਵਲੋਂ ਜੀ ਸਪੀਕਿੰਗ ਆਰਡਰ ਜਾਰੀ ਕੀਤੇ ਹਨ, ਉਸ ਦੇ ਅਨੁਸਾਰ ਅਧਿਆਪਕਾਂ ਦੀ ਤਨਖਾਹ ਛੇਵੇਂ ਪੇਅ ਕਮਿਸ਼ਨ ਅਨੁਸਾਰ ਫਿਕਸ ਕੀਤੀ ਜਾਵੇ | ਯੂਨੀਅਨ ਦੇ ਸੂਬਾ ਮੁੱਖ ਸਲਾਹਕਾਰ ਬੂਟਾ ਸਿੰਘ ਮਾਨਸਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਸ ਦੇ ਸਮੂਹ ਪਟੀਸ਼ਨਰਾਂ ਦੀ ਤਨਖਾਹ ਗ਼ਲਤ ਤਰੀਕੇ ਨਾਲ ਫਿਕਸ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਬਠਿੰਡਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਇਸ ਦੌਰਾਨ ਅਧਿਆਪਕਾਂ ਨੇ 28 ਸਤੰਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਵਿਚ ਕੀਤੇ ਜਾ ਰਹੇ ਰੋਸ ਮੁਜ਼ਾਹਰੇ 'ਚ ਵੱਡੀ ਗਿਣਤੀ ਵਿਚ ਪੁੱਜਣ ਦਾ ਐਲਾਨ ਕੀਤਾ | ਇਸ ਮੌਕੇ ਲਖਬੀਰ ਸਿੰਘ ਬੁਰਜ ਗਿੱਲ, ਪਰਵਿੰਦਰ ਸਿੰਘ ਦੀਨਾ, ਮਨਜੀਤ ਸਿੰਘ ਕੇਸਰ ਸਿੰਘ ਵਾਲਾ, ਗੁਰਸ਼ਰਨ ਸਿੰਘ ਕੋਠਾਗੁਰੂ, ਜਸਪਾਲ ਸਿੰਘ ਕੋਠਾਗੁਰੂ, ਚਮਕੌਰ ਸਿੰਘ, ਸੰਤਪਲ ਸਿੰਘ, ਮੋਨਿਕਾ ਗੋਇਲ, ਮੋਹਿਤ ਕੁਮਾਰ ਤੇ ਜਸ਼ਨਪ੍ਰੀਤ ਸਿੰਘ ਖੇਮੂਆਣਾ ਆਦਿ ਮੌਜੂਦ ਹਨ |