ਨਥਾਣਾ, 26 ਸਤੰਬਰ (ਗੁਰਦਰਸ਼ਨ ਲੁੱਧੜ)-ਪਿੰਡ ਗੰਗਾ ਦੇ ਪਰਾਲੀ ਢੋਣ ਵਾਲੇ ਟਰਾਲਾ ਚਾਲਕਾਂ ਨੇ ਦੋਸ਼ ਲਾਇਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਵਾਰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਅਮਲੀ ਤੌਰ 'ਤੇ ਸੰਜੀਦਾ ਨਹੀਂ ਹੈ ਅਤੇ ਪਰਾਲੀ ਪ੍ਰਬੰਧਨ ਦੇ ਮਾਮਲੇ 'ਤੇ ਪ੍ਰਸ਼ਾਸਨਿਕ ਅਧਿਕਾਰੀ ਦੀ ਪਹੁੰਚ ਸਿਰਫ਼ ਖ਼ਾਨਾ ਪੂਰਤੀਆਂ ਅਤੇ ਗੈਰ ਸਿੱਟਾ ਫ਼ਰਜ਼ੀ ਮੀਟਿੰਗਾਂ ਤੱਕ ਹੀ ਸੀਮਤ ਹੈ | ਟਰਾਲਾ ਚਾਲਕਾਂ ਜਗਸੀਰ ਸਿੰਘ, ਕਾਲਾ ਸਿੰਘ, ਗੁਰਵਿੰਦਰ ਅਤੇ ਸੁਖਚੈਨ ਸਿੰਘ ਨੇ ਦੱਸਿਆ ਕਿ ਪਿੰਡ ਗੰਗਾ ਦੇ ਟਰਾਲਾ ਚਾਲਕਾਂ ਦੇ ਪਿਛਲੇ ਸਾਲ ਪਰਾਲੀ ਨਾਲ ਭਰੇ ਹੋਏ ਤਿੰਨ ਟਰਾਲੇ ਵੱਖ-ਵੱਖ ਘਟਨਾਵਾਂ ਵਿਚ ਅੱਗ ਨਾਲ ਸੜ ਕੇ ਨਕਾਰਾ ਹੋ ਗਏ ਸਨ, ਜਿਨ੍ਹਾਂ ਦੇ ਮੁਆਵਜ਼ੇ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਬਿਨੈ ਪੱਤਰ ਦਿੱਤੇ ਗਏ ਸਨ | ਇਨ੍ਹਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੜ੍ਹਤਾਲ ਵੀ ਕਰਵਾਈ ਜਾ ਚੁੱਕੀ ਹੈ | ਟਰਾਲਾ ਚਾਲਕ ਇਕ ਸਾਲ ਤੋਂ ਦਫ਼ਤਰਾਂ ਦੇ ਗੇੜੇ ਕੱਢਦੇ ਥੱਕ ਚੁੱਕੇ ਹਨ | ਟਰਾਲਾ ਚਾਲਕਾਂ ਨੇ ਦੱਸਿਆ ਕਿ ਡੀ. ਸੀ. ਅਤੇ ਏ. ਡੀ. ਸੀ. ਉਨ੍ਹਾਂ ਨੂੰ ਸਾਰਾ ਸਾਰਾ ਦਿਨ ਦਫ਼ਤਰਾਂ ਅੱਗੇ ਬਿਠਾ ਕੇ ਮੋੜਦੇ ਰਹੇ ਹਨ ਪਰ ਉਨ੍ਹਾਂ ਦੇ ਅਜੇ ਤੱਕ ਕੁਝ ਵੀ ਪੱਲੇ ਨਹੀਂ ਪਾਇਆ | ਟਰਾਲਾ ਚਾਲਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸੜੇ ਹੋਏ ਟਰਾਲਿਆਂ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਹੈ ਤਾਂ ਉਹ ਟਰਾਲਿਆਂ ਰਾਹੀਂ ਪਰਾਲੀ ਦੀ ਢੁਆਈ ਕਰਨ ਤੋਂ ਬੇਵੱਸ ਹਨ | ਇਸ ਸਬੰਧੀ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਪਰਾਲੀ ਦੇ ਪ੍ਰਬੰਧਨ ਲਈ ਪਰਾਲੀ ਦੀਆਂ ਗੱਠਾਂ ਦੀ ਢੁਆਈ ਟਰਾਲਿਆਂ ਨੇ ਹੀ ਕਰਨੀ ਹੈ, ਨਾ ਕਿ ਬੀ. ਐਂਡ ਆਰ., ਵੈਟਰਨਰੀ ਕਰਮਚਾਰੀਆਂ ਜਾਂ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੇ, ਜਿਨ੍ਹਾਂ ਦੀਆਂ ਸਰਕਾਰ ਵਲੋਂ ਪਰਾਲੀ ਪ੍ਰਬੰਧਾਂ ਲਈ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ | ਪਸ਼ੂ ਪਾਲਕਾਂ ਦੇ ਇਕ ਵਫ਼ਦ ਨੇ ਵੈਟਰਨਰੀ ਕਰਮਚਾਰੀਆਂ ਦੀਆਂ ਪਰਾਲੀ ਪ੍ਰਬੰਧਨ ਵਿਚ ਡਿਊਟੀ ਲਗਾਉਣ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਹਰ ਪਿੰਡ ਵਿਚ ਪਰਾਲੀ ਢੋਣ ਵਾਲੇ ਵੱਧ ਤੋਂ ਵੱਧ ਟਰਾਲੇ ਸਰਗਰਮ ਕਰਨੇ ਸਮੇਂ ਦੀ ਮੁੱਖ ਲੋੜ ਹੈ | ਜਿਸ ਵੱਲ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦਾ ਕੋਈ ਧਿਆਨ ਨਹੀਂ ਹੈ | ਪਸ਼ੂ ਪਾਲਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਤੰਜ਼ ਕੱਸਦਿਆਂ ਕਿਹਾ ਕਿ ਵੈਟਰਨਰੀ ਕਰਮਚਾਰੀਆਂ ਦੀਆਂ ਸਰਿੰਜਾਂ ਪਰਾਲੀ ਪ੍ਰਬੰਧਨ ਦਾ ਕੰਮ ਕਿਵੇਂ ਕਰ ਸਕਣਗੀਆਂ, ਜੋ ਕੰਮ ਪਰਾਲੀ ਢੋਣ ਵਾਲੇ ਟਰਾਲਿਆਂ ਨੇ ਕਰਨਾ ਹੈ | ਪਿੰਡ ਗੰਗਾ ਦੀ ਸਰਪੰਚ ਵੀਰਪਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਿੰਡ ਗੰਗਾ ਦੇ ਪਰਾਲੀ ਢੋਣ ਵਾਲੇ ਟਰਾਲਾ ਚਾਲਕਾਂ ਨਾਲ ਮੁਆਵਜ਼ੇ ਸਬੰਧੀ ਗੱਲਬਾਤ ਕਰਕੇ ਇਸ ਸਮੱਸਿਆ ਦਾ ਤੁਰੰਤ ਹੱਲ ਲੱਭਿਆ ਜਾਵੇ |