ਗੋਨਿਆਣਾ, 26 ਸਤੰਬਰ (ਲਛਮਣ ਦਾਸ ਗਰਗ)-ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੇ ਪਿੰਡ ਜੰਡਾਂਵਾਲਾ ਵਿਖੇ ਹੋਈ ਕੁੱਟਮਾਰ ਦੇ ਮਾਮਲੇ ਤਹਿਤ ਪੁਲਿਸ ਨੇ ਪਤੀ-ਪਤਨੀ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪਿੰਡ ਜੰਡਾਂਵਾਲਾ ਦੇ ਵਸਨੀਕ ਗੁਰਜੰਟ ਸਿੰਘ ਪੁੱਤਰ ਭੂਰਾ ਸਿੰਘ ਨੇ ਪੁਲਿਸ ਕੋਲ ਲਿਖਵਾਈ ਸ਼ਿਕਾਇਤ ਵਿਚ ਕਿਹਾ ਹੈ ਕਿ ਤਕਰੀਬਨ ਪੌਣੇ ਦੋ ਮਹੀਨੇ ਪਹਿਲਾਂ ਪਿੰਡ ਜੰਡਾਂਵਾਲਾ ਵਿਖੇ ਹੀ ਜ਼ਮੀਨੀ ਰੰਜ਼ਿਸ ਨੂੰ ਲੈ ਕੇ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਦੌਰਾਨ ਉਸ ਦੇ ਸੱਟਾਂ ਵੀ ਲੱਗੀਆਂ ਸਨ | ਪੁਲਿਸ ਨੇ ਉਕਤ ਮਾਮਲੇ ਦੀ ਜਾਂਚ ਪੜ੍ਹਤਾਲ ਕਰਦੇ ਹੋਏ ਬੀਤੇ ਦਿਨੀਂ ਪਤੀ-ਪਤਨੀ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਅਨੁਸਾਰ ਉਨ੍ਹਾਂ ਦੇ ਨਾਮ ਲਖਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਖੁਸ਼ਵੰਤ ਕੌਰ ਪਤਨੀ ਲਖਵਿੰਦਰ ਸਿੰਘ ਵਾਸੀਆਨ ਹੁਸਨਰ, ਸੁਖਵੀਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਗੋਨਿਆਣਾ ਖੁਰਦ, ਅਮਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀਆਨ ਜੰਡਾਂਵਾਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਨੇਹੀਂਆਂ ਵਾਲਾ ਦੇ ਮੁੱਖ ਅਫ਼ਸਰ ਕੌਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਨਾਲ ਸੰਬੰਧਤ ਕਿਸੇ ਵੀ ਵਿਅਕਤੀ ਦੀ ਹਾਲੇ ਤੀਕ ਕੋਈ ਗਿ੍ਫ਼ਤਾਰੀ ਨਹੀਂ ਹੋਈ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਭਾਲ ਜਾਰੀ ਹੈ |