ਬਠਿੰਡਾ, 26 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਝੋਨੇ ਦੀ ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਕਿਸਾਨਾਂ ਨੂੰ ਫੜ ਕੇ ਜੇਲਾਂ 'ਚ ਸੱੁਟਣ ਦੇ ਸੁਣਾਏ ਗਏ ਹੁਕਮ ਦੇ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਸਥਾਨਕ ਗੁਰਦੁਆਰਾ ਹਾਜੀਰਤਨ ਸਾਹਿਬ ਵਿਖੇ ਬੀਤੇ ਦਿਨੀ ਮੀਟਿੰਗ ਸੱਦੀ ਗਈ | ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਤੇ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਪਰਾਲੀ ਦੇ ਮਾਮਲੇ ਸਬੰਧੀ ਸੁਪਰੀਮ ਕੋਰਟ ਵਲੋਂ ਕਿਸਾਨਾਂ 'ਤੇ ਮੁਕੱਦਮੇ ਦਰਜ ਕਰਕੇ ਜੇਲਾਂ 'ਚ ਬੰਦ ਕਰਨ ਦੇ ਸੁਣਾਏ ਹੁਕਮਾਂ ਨਾਲ ਕੀ ਪਰਾਲੀ ਮਸਲਾ ਦਾ ਹੱਲ ਹੋ ਜਵੇਗਾ, ਸਗੋਂ ਪਰਾਲੀ ਸਾੜਣ ਦੇ ਰੁਝਾਨ ਨੂੰ ਬੰਦ ਕਰਨ ਲਈ ਅਦਾਲਤ ਨੂੰ ਗ੍ਰੀਨ ਟਿ੍ਬਿਊਨਲ ਦੇ ਪ੍ਰਤੀ ਏਕੜ ਬਣਦਾ ਯੋਗ ਮੁਆਵਜ਼ਾ ਕਿਸਾਨਾਂ ਨੂੰ ਦੇਣ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣਾ ਚਾਹੀਦਾ | ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਣਾ ਕਿਸਾਨਾਂ ਦੀ ਮਜ਼ਬੂਰੀ ਹੈ, ਕਿਉਂਕਿ ਪਰਾਲੀ ਦੀ ਸਾਂਭ-ਸੰਭਾਲ ਲਈ ਸਰਕਾਰਾਂ ਵਲੋਂ ਢੱੁਕਵਾਂ ਮੁਆਵਜ਼ਾ ਤੇ ਬਣਦੇ ਸਾਧਨ ਮੁਹੱਈਆ ਨਹੀਂ ਕਰਵਾਏ ਜਾ ਰਹੇ | ਇਸ ਧੱਕੇਸ਼ਾਹੀ ਵਿਰੁੱਧ ਕਿਸਾਨ ਸੰਘਰਸ਼ ਵਿੱਢਣਗੇ | ਇਸ ਤੋਂ ਇਲਾਵਾ ਕਿਸਾਨਾਂ ਨੇ ਚਿੱਪ ਵਾਲੇ ਬਿਜਲੀ ਮੀਟਰ ਲਗਾਉਣੇ ਬੰਦ ਕਰਨ, ਡੀ. ਏ. ਪੀ. ਖਾਦ ਨਾਲ ਮੜੀ ਜਾ ਰਹੀ ਵਾਧੂ ਨੈਨੋ ਯੂਰੀਆ ਬੰਦ ਕਰਨ ਅਤੇ ਕਣਕ ਦੀ ਬਿਜਾਂਦ ਦੇ ਸੀਜਨ ਨੂੰ ਮੁੱਖ ਰਖਦਿਆਂ ਤੁਰੰਤ ਡੀ ਏ ਪੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ | ਇਸ ਮੌਕੇ ਕਿਸਾਨਾਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਨਾਲ ਸਬੰਧਿਤ ਕਿਸਾਨੀ ਮਸਲਿਆਂ ਦਾ ਹੱਲ ਨਾ ਹੋਣ 'ਤੇ 29 ਸਤੰਬਰ ਨੂੰ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ | ਇਸ ਮੌਕੇ ਮੁਖਤਿਆਰ ਸਿੰਘ ਰਾਜਗੜ੍ਹ ਕੁੱਬੇ, ਜੋਧਾ ਸਿੰਘ ਨੰਗਲਾ, ਕੁਲਵੰਤ ਸਿੰਘ ਨੇਹੀਆਂ ਵਾਲਾ, ਅੰਗਰੇਜ਼ ਸਿੰਘ ਕਲਿਆਣ, ਦਰਸ਼ਨ ਸਿੰਘ ਬੱਜੋਆਣਾ, ਜਸਬੀਰ ਸਿੰਘ ਗਹਿਰੀ, ਗੁਰਦੀਪ ਸਿੰਘ, ਸੁਖਦੇਵ ਸਿੰਘ ਫੂਲ, ਬਲਵਿੰਦਰ ਸਿੰਘ ਜੋਧਪੁਰ, ਗੁਰਜੰਟ ਸਿੰਘ ਭਗਤਾ, ਭੋਲਾ ਸਿੰਘ ਕੋਟੜਾ, ਮਹਿਮਾ ਸਿੰਘ ਤਲਵੰਡੀ ਸਾਬੋ, ਪਿਆਰਾ ਸਿੰਘ ਸੰਗਤ ਆਦਿ ਮੌਜੂਦ ਸਨ |