ਬਠਿੰਡਾ, 27 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਪੁਲਿਸ ਵਲੋਂ ਸ਼ਹਿਰ ਵਿਚੋਂ 35 ਗ੍ਰਾਮ ਹੈਰੋਇਨ, 60 ਨਸ਼ੀਲੇ ਕੈਪਸੂਲਾਂ ਤੋਂ ਇਲਾਵਾ ਕੇਂਦਰੀ ਜੇਲ੍ਹ ਬਠਿੰਡਾ ਵਿਚੋਂ ਜਰਦਾ ਤੇ 2 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ | ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਥਾਣਿਆਂ 'ਚ 6 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪਹਿਲੇ ਮਾਮਲੇ 'ਚ ਥਾਣਾ ਕੋਤਵਾਲੀ ਪੁਲਿਸ ਨੇ ਲੱਕੜ ਮੰਡੀ ਰਾਮ ਬਾਗ ਰੋਡ ਤੋਂ ਸੁਖਮਨਦੀਪ ਸਿੰਘ ਵਾਸੀ ਸਿਰਕੀ ਬਾਜ਼ਾਰ ਨੂੰ ਗਿ੍ਫ਼ਤਾਰ ਕਰਦੇ ਹੋਏ ਉਸ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਸੀ.ਆਈ.ਏ.-2 ਦੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਦੁਆਰਾ ਸੁਖਮਨਦੀਪ ਸਿੰਘ ਦੇ ਖਿਲਾਫ ਨਸ਼ਾ ਰੋਕ ਕਾਨੂੰਨ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਦੂਸਰੇ ਮਾਮਲੇ 'ਚ ਥਾਣਾ ਸਦਰ ਪੁਲਿਸ ਨੇ ਬੀੜ ਤਲਾਬ ਬਠਿੰਡਾ ਤੋਂ 6 ਗ੍ਰਾਮ ਹੈਰੋਇਨ ਸਮੇਤ ਰਮਨਦੀਪ ਸਿੰਘ ਵਾਸੀ ਨਰੂਆਣਾ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿਸ ਦੇ ਖਿਲਾਫ ਨਸ਼ਾ ਰੋਕੂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ | ਇਸੇ ਤਰ੍ਹਾਂ ਥਾਣਾ ਸਦਰ ਪੁਲਿਸ ਨੇ ਪਿੰਡ ਕਟਾਰ ਸਿੰਘ ਵਾਲਾ ਤੋਂ ਖੇਮਰਾਜ ਸਿੰਘ ਵਾਸੀ ਗੋਨਿਆਣਾ ਕਲਾਂ ਨੂੰ ਗਿ੍ਫ਼ਤਾਰ ਕਰਦੇ ਹੋਏ ਉਸ ਕੋਲੋਂ 60 ਕੈਪਸੂਲ ਪ੍ਰੈਗਾਬਲੀਨ ਬਰਾਮਦ ਕੀਤਾ ਗਿਆ ਹੈ, ਜਿਸ ਦੇ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਬਾਦ 'ਚ ਬਰਜਮਾਨਤ ਰਿਹਾਅ ਕੀਤਾ ਗਿਆ ਹੈ | ਇਸ ਤਰ੍ਹਾਂ ਚੌਥੇ ਮਾਮਲੇ 'ਚ ਥਾਣਾ ਕੈਨਾਲ ਕਾਲੋਨੀ ਪੁਲਿਸ ਨੇ ਪੱਟੜੀ ਸਰਹਿੰਦ ਨਹਿਰ ਨੇੜੇ ਰੇਲਵੇ ਫਾਟਕ ਬਠਿੰਡਾ ਤੋਂ ਬਾਵਿਕ ਵਾਸੀ ਪਰਸ ਰਾਮ ਨਗਰ ਅਤੇ ਜਸਵਿੰਦਰ ਸਿੰਘ ਵਾਸੀ ਨਰੂਆਣਾ ਰੋਡ ਨੂੰ ਗਿ੍ਫ਼ਤਾਰ ਕਰਦੇ ਹੋਏ ਉਨ੍ਹਾਂ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਦੋਵੇਂ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਰਜਮਾਨਤ ਰਿਹਾਅ ਕੀਤਾ ਗਿਆ ਹੈ | ਪੰਜਵੇ ਮਾਮਲੇ 'ਚ ਥਾਣਾ ਕੈਂਟ ਪੁਲਿਸ ਨੂੰ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਨੇ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਅੰਦਰੋਂ ਇਕ ਮੋਬਾਇਲ ਫੋਨ ਬਿਨ੍ਹਾਂ ਸਿੰਮ ਵਿਵੋ ਕੰਪਨੀ ਅਤੇ ਖਾਕੀ ਟੋਪ ਵਿਚ ਲਪੇਟੇ 2 ਪਿੰਨੇ ਬਰਾਮਦ ਹੋਏ ਜਿਸ ਵਿਚੋਂ 16 ਪੂੜੀਆਂ ਜਰਦਾ ਤੋਂ ਇਲਾਵਾ 1 ਹੋਰ ਮੋਬਾ ਇਲ ਫੋਨ ਬਗੈਰ ਸਿੰਮ ਬਰਾਮਦ ਹੋਇਆ ਹੈ | ਥਾਣਾ ਕੈਂਟ ਦੇ ਸਹਾਇਕ ਥਾਣੇਦਾਰ ਚਰਨਜੀਤ ਸ਼ਰਮਾ ਵਲੋਂ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਥਾਣਾ ਕੈਂਟ ਪੁਲਿਸ ਨੇ ਅਮਰਦੀਪ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਨੂੰ ਕਾਬੂ ਕਰਕੇ ਉਸ ਦਾ ਸਿਵਲ ਹਸਪਤਾਲ ਬਠਿੰਡਾ ਵਿਚੋਂ ਡੋਪ ਟੈੱਸਟ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਪਾਜਟੀਵ ਆਉਣ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਮੁਲਜ਼ਮ ਨੂੰ ਬਰਜਮਾਨਤ ਰਿਹਾਅ ਕੀਤਾ ਗਿਆ ਹੈ |