ਭਗਤਾ ਭਾਈਕਾ, 27 ਸਤੰਬਰ (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਭਗਤਾ ਭਾਈਕਾ ਦੇ ਕਾਮਰਸ ਵਿਭਾਗ ਵਲੋਂ ਬੀ. ਕਾਮ ਭਾਗ ਪਹਿਲਾ, ਦੂਜਾ ਅਤੇ ਤੀਜਾ ਦੇ ਵਿਦਿਆਰਥੀਆਂ ਲਈ ਟਰਾਈਡੈਂਟ ਗਰੁੱਪ, ਬਰਨਾਲਾ ਦਾ ਇਕ ਦਿਨਾਂ ਉਦਯੋਗਿਕ ਦੌਰਾ ਕਰਵਾਇਆ ਗਿਆ | ਕਾਲਜ ਦੇ ਪਿ੍ੰਸੀਪਲ ਡਾ: ਸਤਿੰਦਰ ਕੌਰ ਮਾਨ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਤੌਲੀਆ ਅਤੇ ਬਾਥਰੋਬ ਬਣਾਉਣ ਵਿਚ ਮਸ਼ਹੂਰ ਹੈ ਅਤੇ ਇਸ ਦੀ ਗਿਣਤੀ ਵਿਸ਼ਵ ਪੱਧਰ ਦੀਆਂ ਵੱਡੀਆਂ ਕੰਪਨੀਆਂ ਵਿਚ ਹੁੰਦੀ ਹੈ | ਇਸ ਦੌਰੇ ਦੌਰਾਨ ਵਿਦਿਆਰਥੀਆਂ ਦਾ ਸਵਾਗਤ ਕੰਪਨੀ ਦੇ ਮੈਨੇਜਰ ਨਿਤਿਨ ਬਾਂਸਲ ਵਲੋਂ ਕੀਤਾ ਗਿਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਫੈਕਟਰੀ ਵਿਚ ਕਿਵੇਂ ਕਪਾਹ ਤੋਂ ਤੌਲੀਆ ਅਤੇ ਬਾਥਰੋਬ ਬਣਾਏ ਜਾਂਦੇ ਹਨ, ਕਿਵੇਂ ਗੁਣਵੱਤਾ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਕਿਵੇਂ ਇਹ ਉਤਪਾਦ ਵਿਦੇਸ਼ਾਂ ਤੱਕ ਨਿਰਯਾਤ ਕੀਤੇ ਜਾਂਦੇ ਹਨ | ਵਿਦਿਆਰਥੀਆਂ ਨੇ ਉਤਸੁਕਤਾ ਨਾਲ ਸਵਾਲ ਕੀਤੇ, ਜਿਨ੍ਹਾਂ ਦੇ ਉਨ੍ਹਾਂ ਨੂੰ ਵਿਸਥਾਰ ਨਾਲ ਜਵਾਬ ਮਿਲੇ | ਇਹ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਇਆ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਉਦਯੋਗਿਕ ਜ਼ਿੰਦਗੀ ਦੇ ਅਸਲੀ ਤਜਰਬੇ ਮਿਲੇ | ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਲਖਵੀਰ ਕੌਰ, ਸਹਾਇਕ ਪ੍ਰੋਫੈਸਰ ਕਿਰਨਜੀਤ ਕੌਰ, ਬਲਜੀਤ ਸਿੰਘ (ਸਟੋਰ ਕੀਪਰ) ਵੀ ਵਿਦਿਆਰਥੀਆਂ ਦੇ ਨਾਲ ਸਨ | ਅੰਤ ਵਿਚ ਪਿ੍ੰਸੀਪਲ ਡਾ: ਸਤਿੰਦਰ ਕੌਰ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਵਿਦਿਆਰਥੀਆਂ ਨੂੰ ਵਧੇਰੇ ਸਿੱਖਣ ਲਈ ਪ੍ਰੇਰਿਤ ਕਰਦੇ ਹਨ ਅਤੇ ਭਵਿੱਖ ਵਿਚ ਹੋਰ ਅਜਿਹੇ ਦੌਰੇ ਕਰਵਾਏ ਜਾਣਗੇ |