ਭਗਤਾ ਭਾਈਕਾ, 27 ਸਤੰਬਰ (ਸੁਖਪਾਲ ਸਿੰਘ ਸੋਨੀ)-'ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ' ਇਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸ ਦੇ ਵਿਦਿਆਰਥੀ ਹਰ ਖੇਤਰ ਵਿਚ ਮੋਹਰੀ ਹਨ | ਜਿੱਥੇ ਵਿੱਦਿਆ ਦੇ ਖੇਤਰ ਵਿਚ ਉੱਚੀਆਂ ਪ੍ਰਾਪਤੀਆਂ ਕਰਦੇ ਆ ਰਹੇ ਹਨ | ਸੰਸਥਾ ਦੇ ਵਿਦਿਆਰਥੀਆਂ ਨੇ ਗਰਮ ਰੁੱਤ ਦੀਆਂ ਖੇਡਾਂ ਵਿਚ 33 ਮੈਡਲ ਜਿੱਤ ਕੇ ਖੇਡ ਜਗਤ ਦੇ ਵੀ ਚਮਕਦੇ ਸਿਤਾਰੇ ਬਣੇ ਹਨ | ਸੰਸਥਾ ਦੇ ਵਿਦਿਆਰਥੀਆਂ ਨੇ ਗਰਮ ਰੁੱਤ ਦੀਆਂ ਹੋਈਆਂ ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਵਿਸ਼ੇਸ਼ ਮੱਲਾਂ ਮਾਰੀਆਂ ਹਨ | ਆਕਸਫੋਰਡ ਦੇ ਕਬੱਡੀ ਦੇ ਖਿਡਾਰੀਆਂ ਅੰਡਰ 14 (ਲੜਕੀਆਂ) ਨੇ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਸੋਨ ਤਮਗੇ ਪ੍ਰਾਪਤ ਕੀਤੇ | ਕਬੱਡੀ ਅੰਡਰ 14 (ਲੜਕਿਆਂ) ਨੇ ਵੀ ਕਬੱਡੀ ਵਿਚ ਤੀਜਾ ਸਥਾਨ ਹਾਸਲ ਕਰਦੇ ਹੋਏ ਤਾਂਬੇ ਦੇ ਤਮਗੇ ਹਾਸਲ ਕੀਤੇ | ਹੈਂਡਬਾਲ ਅੰਡਰ 14 ਤਾਂਬੇ ਦੇਅਤੇ ਅੰਡਰ-19 'ਚ ਵੀ ਤਾਂਬੇ ਦੇ ਤਮਗੇ ਜਿੱਤੇ | ਵਾਲੀਬਾਲ ਅੰਡਰ 19 (ਲੜਕੀਆਂ) ਨੇ ਤੀਜਾ ਸਥਾਨ ਹਾਸਲ ਕਰਕੇ ਤਾਂਬੇ ਦੇ ਤਮਗੇ ਪ੍ਰਾਪਤ ਕੀਤੇ | ਫੁੱਟਬਾਲ ਅੰਡਰ-14 (ਲੜਕਿਆਂ) ਨੇ ਵੀ ਤਾਂਬੇ ਦੇ ਤਮਗ਼ੇ ਪ੍ਰਾਪਤ ਕੀਤੇ | ਇਸ ਤਰ੍ਹਾਂ ਆਕਸਫੋਰਡ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ 15 ਸੋਨ-ਤਮਗੇ, 9 ਚਾਂਦੀ ਦੇ ਅਤੇ 9 ਤਾਂਬੇ ਦੇ ਤਮਗੇ ਪ੍ਰਾਪਤ ਕਰਕੇ, ਕੁੱਲ 33 ਤਮਗੇ ਇਸ ਸੰਸਥਾ ਦੀ ਝੋਲੀ ਪਾਏ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਖੇਡ ਕੋਚ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਬਾਕੀ ਵਿਦਿਆਰਥੀਆਂ ਨੂੰ ਵੀ ਕਿਸੇ ਨਾ ਕਿਸੇ ਖੇਡ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਸਕੂਲ ਦੀ ਸਵੇਰ ਦੀ ਸਭਾ ਵਿਚ ਇਨ੍ਹਾਂ ਖਿਡਾਰੀਆਂ ਨੂੰ ਤਮਗੇ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ), ਕੁਆਰਡੀਨੇਟਰਜ਼ ਅਤੇ ਸਮੂਹ ਸਟਾਫ਼ ਮੈਂਬਰ ਵੀ ਮੌਜੂਦ ਸਨ |