ਬਠਿੰਡਾ, 27 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਭਾਰਤੀ ਨੌਜਵਾਨਾਂ ਵਿਚ ਦਿਲ ਦੀ ਬਿਮਾਰੀ ਦੇ ਵਧ ਰਹੇ ਰੁਝਾਨ 'ਤੇ ਪ੍ਰੈਸ ਕਾਨਫ਼ਰੰਸ ਦੌਰਾਨ ਸੰਬੋਧਨ ਕਰਦਿਆਂ ਪਾਰਕ ਹਸਪਤਾਲ ਵਿਚ ਚੇਅਰਮੈਨ ਕਾਰਡੀਓ ਥੌਰੇਸਿਕ ਅਤੇ ਵੈਸਕੁਲਰ ਸਰਜਰੀ ਡਾ. ਐਚ.ਐਸ. ਬੇਦੀ ਨੇ ਦੱਸਿਆ ਕਿ ਭਾਰਤ ਵਿਚ ਲਗਭਗ 30 ਮਿਲੀਅਨ ਲੋਕ ਕੋਰੋਨਰੀ ਆਰਟਰੀ ਬਿਮਾਰੀ ਤੋਂ ਪੀੜਤ ਹਨ, ਜਿਨ੍ਹਾਂ ਵਿਚੋਂ 27 ਪ੍ਰਤੀਸ਼ਤ ਮੌਤਾਂ ਦਿਲ ਦੀਆਂ ਬਿਮਾਰੀਆਂ ਕਾਰਨ ਹੁੰਦੀਆਂ ਹਨ | ਨੌਜਵਾਨ ਆਪਣੀ ਗੈਰ-ਸਿਹਤਮੰਦ ਜੀਵਨ ਸ਼ੈਲੀ ਕਾਰਨ ਕੋਰੋਨਰੀ ਆਰਟਰੀ ਬਿਮਾਰੀ ਤੋਂ ਪੀੜਤ ਹੋ ਰਹੇ ਹਨ | 10 ਸਾਲ ਪਹਿਲਾਂ ਤਾਂ ਦਿਲ ਦੀਆਂ ਸਮੱਸਿਆਵਾਂ ਤੋਂ ਪੀੜਤ ਨੌਜਵਾਨ ਮਰੀਜ਼ ਘੱਟ ਸਨ ਪਰ ਹੁਣ ਬਹੁਤ ਸਾਰੇ ਕੇਸ 25-35 ਉਮਰ ਵਰਗ ਦੇ ਹਨ | ਇਸ ਮੌਕੇ ਸਲਾਹਕਾਰ ਕਾਰਡੀਓਲੋਜਿਸਟ ਡਾ. ਸਚਿਨ ਬਾਂਸਲ ਨੇ ਦੱਸਿਆ ਕਿ ਇਸ ਸਾਲ ਦਾ ਵਿਸ਼ਵ ਦਿਲ ਦਿਵਸ ਥੀਮ 'ਡੋਂਟ ਮਿਸ ਏ ਬੀਟ' ਲੋਕਾਂ ਨੂੰ ਚੇਤਾਵਨੀ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰਕੇ, ਨਿਯਮਤ ਜਾਂਚ ਕਰਵਾ ਕੇ ਅਤੇ ਦਿਲ-ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਆਪਣੇ ਦਿਲ ਦੀ ਸਿਹਤ ਪ੍ਰਤੀ ਸਰਗਰਮ ਅਤੇ ਚੌਕਸ ਰਹਿਣ ਲਈ ਉਤਸ਼ਾਹਿਤ ਕਰਦਾ ਹੈ | ਦਿਲ ਦੀ ਸਿਹਤ ਪ੍ਰਤੀ ਨਿਰੰਤਰ ਦੇਖਭਾਲ ਅਤੇ ਧਿਆਨ ਸਮੇਂ ਤੋਂ ਪਹਿਲਾਂ ਮੌਤ ਨੂੰ ਰੋਕ ਸਕਦਾ ਹੈ ਅਤੇ ਸਮੁੱਚੀ ਸਿਹਤ ਵਿਚ ਸੁਧਾਰ ਕਰ ਸਕਦਾ ਹੈ | ਇਸ ਮੌਕੇ ਡਾ. ਪਿ੍ਯੰਕਾ ਗੋਇਲ ਨੇ ਕਿਹਾ ਕਿ ਹੁਣ ਵੱਡੀ ਗਿਣਤੀ ਵਿਚ ਨੌਜਵਾਨ ਭਾਰਤੀ ਆਪਣੀ ਮਾੜੀ ਜੀਵਨ ਸ਼ੈਲੀ ਕਾਰਨ ਕੋਰੋਨਰੀ ਆਰਟਰੀ ਬਿਮਾਰੀ ਤੋਂ ਪੀੜਤ ਹਨ |