ਤਲਵੰਡੀ ਸਾਬੋ, 27 ਸਤੰਬਰ (ਰਾਜੂ): ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਉੱਪ ਕੁਲਪਤੀ ਪ੍ਰੋਫੈਸਰ ਡਾ. ਰਾਮੇਸ਼ਵਰ ਸਿੰਘ ਦੀ ਅਗਵਾਈ ਵਿਚ ਮਹਿਲਾਵਾਂ ਦੀ ਸੁਰੱਖਿਆ ਲਈ ਬਣੇ ਘਰੇਲੂ ਹਿੰਸਾ ਰੋਕੂ ਐਕਟ 2005 ਬਾਰੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲਈ ਕਰੁਨੇਸ਼ ਕੁਮਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀਆਂ ਹਦਾਇਤਾਂ ਅਨੁਸਾਰ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਬਲਜਿੰਦਰ ਕੌਰ ਮਾਨ ਸਿਵਲ ਜੱਜ (ਸੀਨੀਅਰ ਡੀਵੀਜ਼ਨ) ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਉਨ੍ਹਾਂ ਦੱਸਿਆ ਕਿ ਮਹਿਲਾਵਾਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ | ਘਰੇਲੂ ਹਿੰਸਾ ਦੀ ਸ਼ਿਕਾਰ ਮਹਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਤੋਂ ਮੁਫ਼ਤ ਕਾਨੂੰਨੀ ਸਲਾਹ ਤੇ ਮਦੱਦ ਹਾਸਿਲ ਕਰ ਸਕਦੀ ਹੈ | ਇਹ ਕਿ ਜ਼ਿਲ੍ਹੇ ਦੇ ਲੋੜਵੰਦ ਲੋਕਾਂ ਵਿਸ਼ੇਸ਼ ਤੌਰ 'ਤੇ ਮਹਿਲਾਵਾਂ ਕਾਨੂੰਨੀ ਸਲਾਹ ਪ੍ਰਾਪਤ ਕਰਨ ਲਈ ਜ਼ਿਲ੍ਹਾ ਕਚਹਿਰੀਆਂ ਬਠਿੰਡਾ 'ਚ ਬਣੇ ਫ਼ਰੰਟ ਆਫ਼ਿਸ, ਉੱਪ ਮੰਡਲ ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ 'ਚ ਬਣੇ ਫ਼ਰੰਟ ਆਫ਼ਿਸ ਜਾਂ ਪੁਲਿਸ ਥਾਣਿਆਂ ਵਿਚ ਖੋਲ੍ਹੇ ਗਏ ਲੀਗਲ ਏਡ ਕਲੀਨਿਕਾਂ ਨਾਲ ਸੰਪਰਕ ਕਰ ਸਕਦੀਆਂ ਹਨ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਘਰੇਲੂ ਹਿੰਸਾ ਦੀ ਸ਼ਿਕਾਰ ਮਹਿਲਾ, ਪੁਲਿਸ ਅਫ਼ਸਰ, ਪ੍ਰੋਟੈਕਸ਼ਨ ਅਫ਼ਸਰ, ਸਰਵਿਸ ਪ੍ਰੋਵਾਈਡਰ ਅਤੇ ਮੈਜਿਸਟ੍ਰੇਟ ਨੂੰ ਦਰਖਾਸਤ ਦੇ ਸਕਦੀ ਹੈ | ਉਨ੍ਹਾਂ ਦੱਸਿਆ ਕਿ ਘਰੇਲੂ ਹਿੰਸਾ ਜਿਸ ਵਿਚ ਸਰੀਰਕ ਹਿੰਸਾ, ਯੌਨ ਹਿੰਸਾ, ਗਲਤ ਸ਼ਬਦਾਵਲੀ, ਭਾਵਨਾਤਮਿਕ ਹਿੰਸਾ ਅਤੇ ਆਰਥਿਕ ਹਿੰਸਾ ਸ਼ਾਮਿਲ ਹਨ ਦੀਆਂ ਪ੍ਰਭਾਵਿਤ ਔਰਤਾਂ ਨੂੰ ਤੁਰੰਤ ਐਮਰਜੈਂਸੀ ਰਾਹਤ ਮੁਹੱਈਆ ਕਰਵਾਉਣੀ ਘਰੇਲੂ ਹਿੰਸਾ ਰੋਕੂ ਐਕਟ ਦਾ ਮੁੱਖ ਮੰਤਵ ਹੈ | ਇਸ ਐਕਟ ਅਧੀਨ ਔਰਤਾਂ ਦੇ ਰਹਿਣ ਵਾਲੀ ਥਾਂ ਅਤੇ ਕੰਮ ਕਰਨ ਵਾਲੀ ਥਾਂ 'ਤੇ ਬਣੇ ਰਹਿਣ ਦੇ ਹੁਕਮ, ਆਪਣੇ ਅਤੇ ਬੱਚਿਆਂ ਦੀ ਸਾਂਭ ਸੰਭਾਲ ਲਈ ਰਾਹਤ, ਘਰੇਲੂ ਹਿੰਸਾ ਕਾਰਨ ਲੱਗੀ ਸੱਟ ਦੀ ਮੈਡੀਕਲ ਪ੍ਰਤੀ ਪੂਰਤੀ ਦਾ ਖਰਚਾ, ਘਰੇਲੂ ਹਿੰਸਾ ਕਾਰਨ ਹੋਈ ਦਿਮਾਗ਼ੀ ਪ੍ਰੇਸ਼ਾਨੀ ਦਾ ਹਰਜਾਨਾ, ਘਰੇਲੂ ਹਿੰਸਾ ਕਾਰਨ ਹੋਈ ਸੰਪਤੀ ਦੇ ਨੁਕਸਾਨ ਦੀ ਪ੍ਰਤੀ ਪੂਰਤੀ, ਘਰੇਲੂ ਹਿੰਸਾ ਕਾਰਨ ਹੋਈ ਸੰਪਤੀ ਦੇ ਨੁਕਸਾਨ ਦੀ ਪ੍ਰਤੀ ਪੂਰਤੀ ਬਾਰੇ ਵਿਸ਼ੇਸ਼ ਹੁਕਮ ਜਾਰੀ ਕੀਤੇ ਜਾ ਸਕਦੇ ਹਨ | ਸੈਮੀਨਾਰ ਮੌਕੇ ਡਾ. ਰਜਨੀਸ਼ ਬਿਸ਼ਨੋਈ ਸਹਾਇਕ ਡੀਨ ਕਾਨੂੰਨ ਵਿਭਾਗ ਤੇ ਵਿਦਿਆਰਥੀ ਮੌਜੂਦ ਸਨ |