ਨਥਾਣਾ, 28 ਸਤੰਬਰ (ਗੁਰਦਰਸ਼ਨ ਲੁੁੱਧੜ)- ਪੰਜਾਬੀ ਸਾਹਿਤ ਸਭਾ ਨਥਾਣਾ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਚ ਆਉਂਦੇ ਹੜ੍ਹਾਂ ਦੇ ਮੁੱਦੇ ਨੂੰ ਲੈ ਕੇ ਤੁਰੰਤ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ¢ ਸਭਾ ਦੇ ਪ੍ਰਧਾਨ ਮਿੱਠਾ ਸਿੰਘ ਸੇਖੋਂ ਅਤੇ ਕਾਰਜਕਾਰਨੀ ਕਮੇਟੀ ਮੈਂਬਰ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਇਸ ਵਾਰ ਪੰਜਾਬ ਵਿਚ ਹੜ੍ਹਾਂ ਕਾਰਨ ਹੋਇਆ ਨੁਕਸਾਨ ਪਹਿਲਾ ਅਤੇ ਆਖ਼ਰੀ ਨਹੀਂ ਹੈ, ਇਸ ਤੋਂ ਪਹਿਲਾਂ ਸੰਨ 1988 ਦੇ ਵਰ੍ਹੇ ਵੀ ਪੰਜਾਬ ਦਾ ਹੜ੍ਹਾਂ ਕਾਰਨ ਐਤਕੀਂ ਵਾਂਗ ਵਿਆਪਕ ਨੁਕਸਾਨ ਹੋਇਆ ਸੀ ਅਤੇ ਅੱਗੇ ਵਾਸਤੇ ਵੀ ਹੜ੍ਹਾਂ ਦੀ ਸਥਿਤੀ ਬਾਰੇ ਚੌਕਸੀ ਲਈ ਵਿਚਾਰ ਕਰਨੀ ਅਤੀ ਜ਼ਰੂਰੀ ਹੈ¢ ਸਾਹਿਤ ਸਭਾ ਆਗੂਆਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਰਾਜਨੀਤਿਕ ਆਗੂਆਂ ਨੂੰ ਇਕ ਮੰਚ 'ਤੇ ਬੈਠ ਕੇ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਪੰਜਾਬ ਵਿਚਲੇ ਦਰਿਆਈ ਹੈਡਵਰਕਸਾਂ ਦਾ ਕੰਟਰੋਲ ਪੰਜਾਬ ਕੋਲ ਹੋਣ ਦੀ ਬਿਜਾਏ ਭਾਖੜਾ ਬਿਆਸ ਮੈਨੇਜਮੈਂਟ ਕੋਲ ਹੈ, ਜਿਸ ਦੀਆਂ ਬਹੁਤੀਆਂ ਤਾਕਤਾਂ ਕੇਂਦਰ ਦੇ ਹੱਥਾਂ ਵਿਚ ਹਨ¢ ਪੰਜਾਬ ਵਿਚ ਇਸ ਵਾਰ ਹੜ੍ਹਾਂ ਕਾਰਨ ਵੱਡੀ ਪੱਧਰ 'ਤੇ ਫ਼ਸਲਾਂ ਨੁਕਸਾਨੀਆਂ ਗਈਆਂ, ਕਿਸਾਨਾਂ ਦਾ ਕੀਮਤੀ ਮਾਲ ਡੰਗਰ ਹੜ੍ਹਾਂ ਦੇ ਪਾਣੀ ਵਿਚ ਰੁੜ੍ਹ ਗਿਆ ਅਤੇ ਦਰਿਆਵਾਂ ਨਾਲ ਲਗਦੇ ਬਹੁਤੇ ਕਿਸਾਨਾਂ ਦੇ ਖੇਤਾਂ ਵਿਚ ਰੇਤ ਭਰ ਚੁੱਕੀ ਹੈ, ਜਿੱਥੇ ਕਈ ਸਾਲ ਫ਼ਸਲਾਂ ਦੀ ਕਾਸ਼ਤ ਹੋਣੀ ਸੰਭਵ ਨਹੀਂ ਹੈ ਪਰ ਅਜਿਹੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਕੇਂਦਰ ਸਰਕਾਰ ਆਨਾ-ਕਾਨੀ ਕਰ ਰਹੀ ਹੈ | ਜੇਕਰ ਭਾਰਤੀ ਜਨਤਾ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਖੱਬੀਆਂ ਪਾਰਟੀਆਂ ਅਤੇ ਸਮੂਹ ਰਾਜਸੀ ਦਲ ਇਕ ਮੰਚ 'ਤੇ ਇਕੱਠੇ ਹੋ ਕੇ ਇਕ ਸੁਰ ਵਿਚ ਆਪੋ ਆਪਣੀ ਹਾਈਕਮਾਂਡ ਕੋਲ ਪੰਜਾਬ ਵਿਚਲੇ ਹੜ੍ਹਾਂ ਦੇ ਮਾਮਲੇ ਦੀ ਤਰਜਮਾਨੀ ਕਰਨ ਲਈ ਜ਼ੋਰਦਾਰ ਦਬਾਅ ਪਾਉਣ ਤਾਂ ਇਹ ਕੇਂਦਰ ਦੀਆਂ ਸੱਤਾਧਾਰੀ ਪਾਰਟੀਆਂ ਦੇ ਅਖੌਤੀ ਅਤੇ ਗੁੱਝੇ ਰਾਸ਼ਟਰੀ ਏਜੰਡੇ ਨੂੰ ਮਾਤ ਦੇ ਕੇ ਪੰਜਾਬ ਨੂੰ ਇਨਸਾਫ਼ ਦਿਵਾਇਆ ਜਾ ਸਕਦਾ ਹੈ ਅਤੇ ਪੰਜਾਬ ਦੇ ਲੋਕਾਂ ਵਿਚ ਬਣੀ ਹੋਈ ਬੇਗਾਨਗੀ ਦੀ ਭਾਵਨਾ ਦੂਰ ਹੋ ਸਕਦੀ ਹੈ¢