ਮੌੜ ਮੰਡੀ, 21 ਨਵੰਬਰ (ਗੁਰਜੀਤ ਸਿੰਘ ਕਮਾਲੂ)- ਪੰਜਾਬ ਦੀਆਂ ਸੜਕਾਂ 'ਤੇ ਨਿੱਤ ਦਿਨ ਹੋ ਰਹੇ ਸੜਕ ਹਾਦਸੇ ਰੁਕਣ ਦਾ ਨਾਮ ਨਹੀ ਲੈ ਰਹੇ | ਲੋਕਾਂ ਦੀ ਕਾਹਲ ਅਤੇ ਅਣਗਹਿਲੀ ਕੀਮਤੀ ਜਾਨਾਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਂ ਤਾਂ ਜਹਾਨੋਂ ਹੀ ਤੁਰ ਜਾਂਦੀਆਂ ਹਨ ਜਾਂ ਫਿਰ ਸਰੀਰਕ ਤੌਰ 'ਤੇ ਨਕਾਰਾ ਹੋ ਜਾਂਦੀਆਂ ਹਨ | ਅਜਿਹਾ ਹੀ ਇਕ ਹਾਦਸਾ ਦੇਰ ਸ਼ਾਮ ਮੌੜ ਮੰਡੀ ਵਿਖੇ ਮੌੜ-ਤਲਵੰਡੀ ਰੋਡ 'ਤੇ ਬਣੇ ਪੁਲ 'ਤੇ ਹੋਇਆ, ਜਿੱਥੇ ਕਿ ਇਕ ਟਰੈਕਟਰ-ਟਰਾਲੀ ਚਾਲਕ ਨੇ ਇਕ ਮੋਟਰਸਾਈਕਲ ਸਵਾਰ ਨੂੰ ਦਰੜ ਦਿੱਤਾ | ਜਿਸ ਕਾਰਨ ਉਕਤ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ | ਹਾਦਸੇ ਮੌਕੇ ਚਸ਼ਮਦੀਦ ਲੋਕ ਵਾਰ-ਵਾਰ ਐਂਬੂਲੈਂਸ ਨੂੰ ਫ਼ੋਨ ਕਰਦੇ ਰਹੇ, ਪ੍ਰੰਤੂ ਅੱਧਾ ਘੰਟਾ ਬੀਤਣ 'ਤੇ ਵੀ ਕੋਈ ਐਂਬੂਲੈਂਸ ਨਹੀ ਪਹੁੰਚੀ ਤਾਂ ਰੋਜ਼ਾਨਾ ਅਜੀਤ ਅਖ਼ਬਾਰ ਦੇ ਪੱਤਰਕਾਰ ਲਕਵਿੰਦਰ ਸ਼ਰਮਾ ਉੱਥੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਆਪਣੀ ਗੱਡੀ ਵਿਚ ਬਿਠਾ ਕੇ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਪਹੁੰਚਾਇਆ | ਜਿੱਥੇ ਕਿ ਉਸ ਦਾ ਇਲਾਜ਼ ਸ਼ੁਰੂ ਕਰ ਦਿੱਤਾ ਗਿਆ ਹੈ | ਜਾਣਕਾਰੀ ਮੁਤਾਬਿਕ ਜ਼ਖ਼ਮੀ ਵਿਅਕਤੀ ਨਾਨਕ ਸਿੰਘ ਪਿੰਡ ਧਲੇਵਾਂ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਹੈ ਅਤੇ ਆਪਣੀਆਂ ਭੈਣਾਂ ਕੋਲ ਪਿੰਡ ਭਾਗੀਬਾਂਦਰ ਤੋਂ ਕੋਈ ਕੰਮ ਨਿਬੇੜ ਕੇ ਆਪਣੇ ਪਿੰਡ ਧਲੇਵਾਂ ਜਾ ਰਿਹਾ ਸੀ | ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ 108 ਐਂਬੂਲੈਂਸ ਨੂੰ ਵਾਰ-ਵਾਰ ਫ਼ੋਨ ਕਰਨ 'ਤੇ ਵੀ ਉਹ ਮੌਕੇ 'ਤੇ ਨਹੀ ਪਹੁੰਚੀ | ਇਸ ਲਈ ਇਸ 'ਤੇ ਬਣਦੀ ਕਾਰਵਾਈ ਕੀਤੀ ਜਾਵੇ |