ਚਿੱਟਫੰਡ ਕੰਪਨੀ ਰਾਹੀਂ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਮੁਕੱਦਮੇ 'ਚੋਂ ਸਾਬਕਾ ਜੱਜ ਬਰੀ <br/>
ਅਜੀਤ ਡੈਸਕ
22-11-2025
ਜਾਣਕਾਰੀ ਅਨੁਸਾਰ ਵੱਡੀ ਗਿਣਤੀ ਲੋਕਾਂ ਵਲੋਂ ਬਠਿੰਡਾ ਦੇ ਸਾਬਕਾ ਜੱਜ ਹੀਰਾ ਲਾਲ ਕੁਮਾਰ ਅਤੇ ਉਨ੍ਹਾਂ ਦੇ ਪੁੱਤਰ ਵਕੀਲ ਪ੍ਰਦੀਪ ਕੁਮਾਰ ਉੱਪਰ ਚਿੱਟਫੰਡ ਕੰਪਨੀ ਬਣਾ ਕੇ ਉਨ੍ਹਾਂ ਨਾਲ ਦਸ ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਗਾਉਂਦੇ ਹੋਏ ਸਾਲ 2016 ਵਿਚ ਬਠਿੰਡਾ ਦੇ ਥਾਣਾ ਸਿਵਲ ਲਾਈਨ ਵਿਚ ਹੀਰਾ ਲਾਲ ਕੁਮਾਰ ਅਤੇ ਪ੍ਰਦੀਪ ਕੁਮਾਰ ਸਮੇਤ ਪੰਜ ਜਣਿਆਂ ਦੇ ਖ਼ਿਲਾਫ਼ ਧਾਰਾ 420, 34 ਆਈ. ਪੀ. ਸੀ, 4/5 ਪ੍ਰਾਈਜ਼ ਚਿੱਟ ਐਂਡ ਮਨੀ ਸਰਕੂਲੇਸ਼ਨ ਸਕੀਮ ਤਹਿਤ ਮੁਕੱਦਮਾ ਨੰਬਰ 74 ਦਰਜ ਕਰਵਾਇਆ ਗਿਆ ਸੀ, ਜਿਸ ਦਾ ਉਸ ਸਮੇਂ ਤੋਂ ਬਠਿੰਡਾ ਅਦਾਲਤ ਵਿਚ ਕੇਸ ਚੱਲ ਰਿਹਾ ਸੀ | ਇਸ ਮੁਕੱਦਮੇ 'ਚੋਂ ਜਿੱਥੇ ਪ੍ਰਦੀਪ ਕੁਮਾਰ ਦੀ ਪਤਨੀ ਨੂੰ ਪਹਿਲਾਂ ਹੀ ਜਾਂਚ ਦੌਰਾਨ ਬੇਗੁਨਾਹ ਕਰਾਰ ਦੇ ਦਿੱਤਾ ਗਿਆ ਸੀ, ਉੱਥੇ ਅਜੇ ਮਹੇਸ਼ਵਰੀ ਅਤੇ ਵਿਸਾਲ ਨੂੰ ਪੀ.ਓ. ਕਰਾਰ ਦਿੱਤਾ ਗਿਆ ਹੈ ਤੇ ਹੁਣ ਐੱਚ.ਐਲ. ਕੁਮਾਰ ਅਤੇ ਪ੍ਰਦੀਪ ਕੁਮਾਰ ਉੱਪਰ ਕੇਸ ਚੱਲ ਰਿਹਾ ਸੀ | ਇਸ ਕੇਸ ਦਾ ਹੁਣ ਇਲਾਕਾ ਮੇਜਿਸਟਰੇਟ ਦੀ ਅਦਾਲਤ ਨੇ ਫ਼ੈਸਲਾ ਕਰਦਿਆਂ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸਾਬਕਾ ਜੱਜ ਹੀਰਾ ਲਾਲ ਕੁਮਾਰ ਨੂੰ ਚਿੱਟਫੰਡ ਅਤੇ ਧੋਖਾਧੜੀ ਦੇ ਸਮੁੱਚੇ ਮੁਕੱਦਮੇ 'ਚੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਪੁੱਤਰ ਪ੍ਰਦੀਪ ਕੁਮਾਰ ਨੂੰ ਚਿੱਟਫੰਡ 'ਚੋਂ ਬਰੀ ਕਰਦਿਆਂ ਧੋਖਾਧੜੀ ਦੇ ਮਾਮਲੇ ਵਿਚ ਤਿੰਨ ਸਾਲਾਂ ਦੀ ਸਜਾ ਸੁਣਾਈ ਗਈ, ਜੋ ਕਿ ਪਹਿਲਾਂ ਹੀ ਕੇਸ ਦੀ ਸੁਣਵਾਈ ਦੌਰਾਨ ਜੇਲ੍ਹ ਅੰਦਰ ਰਹਿ ਕੇ ਪੂਰੀ ਕਰ ਚੁੱਕੇ ਹਨ, ਜਿਸ ਲਈ ਉਨ੍ਹਾਂ ਦੀ ਸਜਾ ਦੀ ਅਦਾਲਤ ਨੇ ਕੱਟ ਕਟਾਈ ਕਰਦਿਆਂ ਪ੍ਰਦੀਪ ਕੁਮਾਰ ਨੂੰ ਛੱਡ ਦਿੱਤਾ ਹੈ |