ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਟਰਾਂਸਪੋਰਟ ਵਿਭਾਗ ਦੀਆਂ ਸਾਰੀਆਂ ਮੁੱਖ ਸੇਵਾਵਾਂ ਨੂੰ ਹੁਣ ਸੇਵਾ ਕੇਂਦਰਾਂ ਰਾਹੀਂ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਲੜੀ ਤਹਿਤ ਹੁਣ ਸੇਵਾ ਕੇਂਦਰਾਂ 'ਤੇ ਡਰਾਈਵਿੰਗ ਲਾਇਸੰਸ, ਆਰ. ਸੀ., ਪਰਮਿਟ ਆਦਿ ਨਾਲ ਸਬੰਧਿਤ ਆਰ.ਟੀ.ਏ. ਦੀਆਂ ਅਹਿਮ ਸੇਵਾਵਾਂ ਲਈ ਆਨ-ਲਾਈਨ ਅਰਜ਼ੀ ਭੇਜਣ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਗਈ ਹੈ | ਉਨ੍ਹਾਂ ਅੱਗੇ ਦੱਸਿਆ ਕਿ ਸੇਵਾ ਕੇਂਦਰਾਂ 'ਤੇ ਆਰ.ਟੀ.ਏ. ਦਫ਼ਤਰ ਦੀਆਂ 28 ਕਿਸਮਾਂ ਦੀਆਂ ਸੇਵਾਵਾਂ ਤੋਂ ਇਲਾਵਾ ਹੋਰ ਵਿਭਾਗਾਂ ਦੀਆਂ 500 ਤੋਂ ਵੱਧ ਸੇਵਾਵਾਂ ਇਕ ਥਾਂ ਉਪਲੱਬਧ ਹਨ | ਇਸ ਪ੍ਰਕਿਰਿਆ ਨਾਲ ਆਮ ਲੋਕਾਂ ਲਈ ਅਰਜ਼ੀ ਦੇਣਾ ਕਾਫ਼ੀ ਆਸਾਨ ਹੋ ਗਿਆ ਹੈ | ਬਿਨੈਕਾਰ ਸੇਵਾ ਕੇਂਦਰ ਵਿਚ ਜਾ ਕੇ ਜਾਂ ਘਰ ਬੈਠੇ ਵੀ ਟੋਲ ਫਰੀ ਨੰਬਰ 1076 'ਤੇ ਕਾਲ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ | ਜ਼ਿਲ੍ਹਾ ਮੈਨੇਜ਼ਰ ਰਾਜਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਸੇਵਾ ਕੇਂਦਰਾਂ 'ਚ ਆਰ.ਟੀ.ਏ. ਸੇਵਾਵਾਂ ਲਈ ਲਗਭਗ 200 ਤੋਂ ਵੱਧ ਅਰਜ਼ੀਆਂ ਜਮ੍ਹਾਂ ਹੋ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਬਿਨੈਕਾਰ ਨੂੰ ਅਰਜ਼ੀ ਦੀ ਸਥਿਤੀ ਬਾਰੇ ਜਾਣਕਾਰੀ ਮੋਬਾਇਲ ਦੇ ਸੁਨੇਹੇ ਰਾਹੀਂ ਪ੍ਰਾਪਤ ਹੋ ਜਾਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਸੇਵਾ ਕੇਂਦਰ ਤੋਂ ਬਿਨੈਕਾਰ ਨਾਲ ਕੋਈ ਦਸਤਾਵੇਜ਼ ਅਪਲੋਡ ਕਰਨ ਜਾਂ ਹੋਰ ਜਾਣਕਾਰੀ ਲਈ ਰਾਬਤਾ ਕਾਇਮ ਕਰਨਾ ਹੋਵੇ ਤਾਂ ਉਸ ਨੂੰ ਸਮੇਂ-ਸਮੇਂ 'ਤੇ ਦੱਸਿਆ ਜਾਵੇਗਾ |