ਗੋਨਿਆਣਾ, 7 ਦਸੰਬਰ (ਲਛਮਣ ਦਾਸ ਗਰਗ)-ਗੋਨਿਆਣਾ ਅਧੀਨ ਪੈਂਦੇ ਪਿੰਡ ਨੇਹੀਆਂ ਵਾਲਾ ਦੀ ਚਿੜੀਆਂ ਬਸਤੀ ਦੇ ਰਹਿਣ ਵਾਲੇ ਵਸਨੀਕਾਂ ਨੇ ਗੰਦੇ ਪਾਣੀ ਦੇ ਨਿਕਾਸੀ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਖ਼ਿਲਾਫ਼ ਤਿੱਖਾ ਰੋਸ ਜ਼ਾਹਿਰ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਕਾਲੀਆਂ ਝੰਡੀਆਂ ਨਾਲ ਵਿਖਾਵਾਂ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ | ਉਕਤ ਬਸਤੀ ਦੇ ਵਸਨੀਕਾਂ ਨੇ ਰੋਸ ਪ੍ਰਦਰਸ਼ਨ ਦੌਰਾਨ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੇ ਗੰਦੇ ਪਾਣੀ ਦਾ ਜਲਦ ਹੱਲ ਨਹੀਂ ਕੀਤਾ ਗਿਆ ਤਾਂ ਉਹ 14 ਦਸੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦਾ ਬਾਈਕਾਟ ਕਰਨਗੇ | ਉਕਤ ਰੋਸ ਪ੍ਰਦਰਸ਼ਨ ਦੌਰਾਨ ਵਾਰਡ ਨੰਬਰ 1 ਦੇ ਮੌਜੂਦਾ ਪੰਚਾਇਤ ਮੈਂਬਰ ਜੱਸਾ ਸਿੰਘ ਅਤੇ ਬਸਤੀ ਦੇ ਆਗੂ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦੇ ਘਰਾਂ ਦਾ ਗੰਦਾ ਪਾਣੀ ਬਸਤੀ ਵਿਚੋਂ ਲੰਘਦੇ ਖਾਲੇ ਰਾਹੀਂ ਬਾਹਰ ਨਿਕਲਦਾ ਸੀ, ਪਰ ਹੁਣ ਵਿਭਾਗ ਵਲੋਂ ਨਵੀਂ ਪਾਈਪ ਲਾਈਨ ਪਾਈ ਜਾ ਰਹੀ ਹੈ ਜਿਸ ਨਾਲ ਗੰਦੇ ਪਾਣੀ ਦੀ ਨਿਕਾਸੀ ਬੰਦ ਹੋ ਜਾਵੇਗੀ | ਉਕਤ ਆਗੂਆਂ ਨੇ ਕਿਹਾ ਕਿ ਪੂਰੇ ਇਲਾਕੇ ਵਿੱਚ ਗੰਦੇ ਪਾਣੀ ਨਾਲ ਗੰਦਗੀ ਦੀ ਸਮੱਸਿਆ ਪੈਦਾ ਹੋਵੇਗੀ | ਉਕਤ ਨੇ ਦੱਸਿਆ ਕਿ ਚਿੜੀਆਂ ਬਸਤੀ ਵਿੱਚ 600 ਤੋਂ ਵੱਧ ਵੋਟਰ ਹਨ | ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸਥਾਨਕ ਮੌਜੂਦਾ ਹਲਕਾ ਵਿਧਾਇਕ ਤੱਕ ਪਹੁੰਚਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ | ਇਸ ਨਾਲ ਨਾਰਾਜ਼ ਹੋ ਕੇ ਲੋਕਾਂ ਨੇ ਸਰਕਾਰ ਵਿਰੁੱਧ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜਦ ਤੱਕ ਉਕਤ ਸਮੱਸਿਆ ਦਾ ਹੱਲ ਨਹੀਂ ਹੁੰਦਾ, ਉਹ ਵੋਟਾਂ ਨਹੀਂ ਪਾਉਣਗੇ ਅਤੇ ਨਾਂ ਹੀ ਕਿਸੇ ਵੀ ਪਾਰਟੀ ਦੇ ਆਗੂ ਨੂੰ ਆਪਣੇ ਖੇਤਰ ਵਿਚ ਦਾਖਲ ਹੋਣ ਦੇਣਗੇ |
ਪਿੰਡ ਨੇਹੀਆਂ ਵਾਲਾ ਅਧੀਨ ਪੈਂਦੀ ਚਿੜੀਆਂ ਬਸਤੀ ਦੇ ਲੋਕਾਂ ਨੇ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕਰਦਿਆਂ ਕੀਤਾ ਵੋਟਾਂ ਦਾ ਬਾਈਕਾਟ <br/>
ਅਜੀਤ ਡੈਸਕ
08-12-2025