ਬਠਿੰਡਾ, 7 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ 'ਚ ਟ੍ਰੈਫਿਕ ਦੀ ਸਮੱਸਿਆ ਦਿਨੋਂ-ਦਿਨ ਵੱਧਦੀ ਜਾ ਰਹੀ ਹੈ, ਜਿਸ ਕਾਰਨ ਆਏ ਦਿਨ ਲੋਕਾਂ ਨੂੰ ਟ੍ਰੈਫਿਕ ਜਾਮ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਟ੍ਰੈਫਿਕ ਜਾਮ ਹੋਣ ਕਾਰਨ ਲੋਕਾਂ ਦਾ ਆਪਣਾ ਕੀਮਤੀ ਸਮਾਂ ਅਤੇ ਤੇਲ ਦੋਵੇਂ ਬਰਬਾਦ ਹੋ ਰਹੇ ਹਨ | ਬਠਿੰਡਾ ਸ਼ਹਿਰ 'ਚ ਟ੍ਰੈਫਿਕ ਜਾਮ ਦੀ ਸਮੱਸਿਆ ਲਈ ਕੋਈ ਸੁਚਾਰੂ ਢੰਗ ਨਾਲ ਪਾਲਿਸੀ ਬਣਨੀ ਚਾਹੀਦੀ ਹੈ | ਜਿਸ ਨਾਲ ਟ੍ਰੈਫਿਕ ਸਮੱਸਿਆ ਦਾ ਹੱਲ ਹੋ ਸਕੇ, ਇਸ ਦੇ ਲਈ ਲੋਕਾਂ ਨੂੰ ਵੀ ਆਪਣੀ ਆਪਣੀ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ ਤੇ ਟ੍ਰੈਫਿਕ ਰੂਲਜ਼ ਦੀ ਪਾਲਣਾ ਕਰਨਾ ਚਾਹੀਦੀ ਹੈ | ਇਸ ਮਾਮਲੇ ਸਬੰਧੀ ਆਰ.ਟੀ.ਆਈ. ਐਕਟੀਵਿਸਟ ਸੰਜੀਵ ਗੋਇਲ ਨੇ ਕਿਹਾ ਕਿ ਬਠਿੰਡਾ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਸਭ ਤੋਂ ਪਹਿਲਾਂ ਸੜਕਾਂ, ਗਲੀਆਂ ਅਤੇ ਫੁੱਟਪਾਥਾਂ 'ਤੇ ਕੀਤੇ ਗਏ ਨਜਾਇਜ਼ ਕਬਜ਼ੇ ਬਠਿੰਡਾ ਪ੍ਰਸ਼ਾਸਨ ਨੂੰ ਹਟਾਏ ਜਾਣੇ ਚਾਹੀਦੇ ਹਨ | ਇਨ੍ਹਾਂ ਨਜਾਇਜ਼ ਕਬਜ਼ੇ ਕਾਰਨ ਜਿੱਥੇ ਸ਼ਹਿਰ ਦੀਆਂ ਸੜਕਾਂ ਉਪਰ ਜਾਮ ਲੱਗ ਰਹੇ ਹਨ, ਉੱਥੇ ਹੀ ਫੁੱਟਪਾਥਾਂ 'ਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੋਇਲ ਨੇ ਕਿਹਾ ਕਿ ਉਸ ਨੇ ਇਕ ਆਰ.ਟੀ.ਆਈ. ਬਠਿੰਡਾ ਐਸ.ਐਸ.ਪੀ. ਨੂੰ ਪਾ ਕੇ ਬਠਿੰਡਾ ਟ੍ਰੈਫਿਕ ਪੁਲਿਸ ਵਲੋਂ ਸਾਲ 2020-21 ਦੇ ਬਾਅਦ ਕੀਤੇ ਗਏ ਚਲਾਨਾਂ ਦੀ ਸੰਖਿਆ ਅਤੇ ਬੰਦ ਕੀਤੇ ਗਏ ਵਾਹਨਾਂ ਦੀ ਕੁਲ ਸੰਖਿਆ ਆਦਿ ਬਾਰੇ ਜਾਣਕਾਰੀ ਮੰਗੀ ਗਈ ਸੀ | ਉਸ ਨੂੰ ਮਿਤੀ 2 ਅਕਤੂਬਰ 2025 ਦੇ ਮਾਧਿਅਮ ਤੋਂ ਸੂਚਨਾ ਪ੍ਰਾਪਤ ਹੋਈ ਹੈ | ਟ੍ਰੈਫਿਕ ਪੁਲਿਸ ਬਠਿੰਡਾ ਵਲੋਂ ਪਿਛਲੇ ਕਰੀਬ 6 ਸਾਲਾਂ 'ਚ ਸਾਲ 2020 ਤੋਂ ਮਿਤੀ 2 ਅਕਤੂਬਰ 2025 ਤੱਕ ਟ੍ਰੈਫਿਕ ਰੂਲਾਂ ਦੀ ਉਲੰਘਣਾ ਕਰਨ ਵਾਲਿਆਂ ਦੇ 1 ਲੱਖ 95 ਹਜਾਰ 102 ਚਲਾਨ ਕੀਤੇ ਗਏ ਹਨ | ਇੰਨੀ ਵੱਡੀ ਸੰਖਿਆਂ 'ਚ ਲੋਕਾਂ ਦੇ ਚਲਾਨ ਹੋਣ ਦੇ ਬਾਵਜੂਦ ਕਈ ਲੋਕ ਫਿਰ ਵੀ ਟ੍ਰੈਫਿਕ ਰੂਲਾਂ ਦੀ ਪਾਲਣਾ ਨਹੀਂ ਕਰਦੇ ਹਨ | ਜਦਕਿ ਟ੍ਰੈਫਿਕ ਰੂਲਜ਼ ਲੋਕਾਂ ਦੀ ਸੁਵਿਧਾ ਦੇ ਲਈ ਹੀ ਬਣੇ ਹਨ |
ਸਭ ਤੋਂ ਵੱਧ ਟ੍ਰੈਫਿਕ ਰੂਲਜ਼ ਇਸ ਤਰ੍ਹਾਂ ਤੋੜਦੇ ਨੇ ਲੋਕ- ਰੈੱਡਲਾਈਟ ਜੰਪ ਕਰਨਾ, ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ, ਓਵਰ ਸਪੀਡ 'ਚ ਵਾਹਨ ਚਲਾਉਣਾ, ਅਲਕੋਹਲ ਦਾ ਸੇਵਨ ਕਰਕੇ ਵਾਹਨ ਚਲਾਉਣਾ, ਟ੍ਰੈਫਿਕ ਲਾਈਟ ਦੇ ਸਿਗਨਲ ਨੂੰ ਅਣਦੇਖਿਆ ਕਰਨਾ, ਗਲਤ ਜਗ੍ਹਾ 'ਚ ਵਾਹਨ ਪਾਰਕ ਕਰਨਾ, ਬਿਨ੍ਹਾਂ ਆਰ.ਸੀ. ਤੇ ਲਾਇਸੰਸ ਦੇ ਵਾਹਨ ਚਲਾਉਣਾ, ਵਾਹਨ ਦਾ ਪ੍ਰਦੂਸ਼ਣ ਸਰਟੀਫਿਕੇਟ, ਬੀਮਾ ਦਾ ਨਾ ਹੋਣਾ, ਲਿਮਟ ਤੋਂ ਜ਼ਿਆਦਾ ਸਵਾਰੀਆਂ ਦਾ ਬੈਠਣਾ ਆਦਿ |
ਟ੍ਰੈਫਿਕ ਰੂਲਜ਼ ਦੀ ਉਲੰਘਣਾ ਕਰਨ 'ਤੇ ਟ੍ਰੈਫਿਕ ਪੁਲਿਸ ਨੇ ਕੱਟੇ 1 ਲੱਖ 95 ਹਜ਼ਾਰ ਤੋਂ ਵੱਧ ਚਲਾਨ <br/>
ਅਜੀਤ ਡੈਸਕ
08-12-2025