ਤਲਵੰਡੀ ਸਾਬੋ, 7 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਗਏ ਅੰਤਰ-ਕਾਲਜ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਲੜਕੇ ਅਤੇ ਲੜਕੀਆਂ ਦੀਆਂ ਬਾਕਸਿੰਗ ਟੀਮਾਂ ਨ ਭਾਗ ਲੈਂਦਿਆਂ ਵੱਖ-ਵੱਖ ਭਾਰ-ਵਰਗ ਦੇ ਮੁਕਾਬਲਿਆਂ ਚ ਵਧੀਆ ਪ੍ਰਦਰਸ਼ਨ ਕੀਤਾ | ਟੀਮ ਇੰਚਾਰਜ ਮੈਡਮ ਅਮਨਦੀਪ ਕੌਰ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਕੈਂਪਸ ਦੇ ਬੀ. ਏ. ਭਾਗ ਪਹਿਲਾ ਦੇ ਖ਼ੁਸ਼ਦੀਪ ਕੌਰ ਅਤੇ ਭਵਜੀਤ ਸਿੰਘ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੇ ਦਾ ਤਗਮਾ, ਬੀ. ਏ. ਭਾਗ ਦੂਜਾ ਦੀ ਹਰਪ੍ਰੀਤ ਕੌਰ ਨੇ ਕਾਂਸੇ ਦਾ ਤਗਮਾ ਜਿੱਤ ਕੇ ਤਲਵੰਡੀ ਸਾਬੋ ਕੈਂਪਸ ਦੀ ਝੋਲੀ ਪਾਇਆ | ਕੈਂਪਸ ਦੇ ਪੰਜੇ ਵਿਭਾਗਾਂ ਦੇ ਮੁਖੀਆਂ ਡਾ. ਬਲਦੇਵ ਸਿੰਘ, ਡਾ. ਸੰਦੀਪ ਰਾਣਾ, ਡਾ. ਨਰਿੰਦਰ ਕੌਰ, ਡਾ. ਪ੍ਰੀਤੀ ਬਾਂਸਲ ਅਤੇ ਡਾ. ਨਵਦੀਪ ਗੋਇਲ ਵਲੋਂ ਜੇਤੂ ਖਿਡਾਰੀਆਂ ਦੀ ਜਿੱਤ ਤੇ ਖ਼ੁਸ਼ੀ ਪ੍ਰਗਟਾਈ ਗਈ ਜਦੋਂ ਕਿ ਕੈਂਪਸ ਦੇ ਖੇਡ ਇੰਚਾਰਜ ਡਾ. ਗੁਰਦੀਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੈਂਪਸ ਡਾਇਰੈਕਟਰ ਪ੍ਰੋਫੈਸਰ (ਡਾ.) ਅਮਨਦੀਪ ਸਿੰਘ ਦੇ ਰੁਬਰੂ ਕਰਵਾਇਆ | ਕੈਂਪਸ ਡਾਇਰੈਕਟਰ ਡਾ.ਅਮਨਦੀਪ ਸਿੰਘ ਨੇ ਜੇਤੂ ਵਿਦਿਆਰਥੀਆਂ, ਖੇਡ ਵਿਭਾਗ ਸਮੇਤ ਸਮੂਹ ਕੈਂਪਸ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਾਮਨਾਵਾਂ ਵੀ ਭੇਟ ਕੀਤੀਆਂ |