ਬਠਿੰਡਾ, 7 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਡੀ.ਏ.ਵੀ. ਕਾਲਜ ਬਠਿੰਡਾ ਦੀ ਮੇਜ਼ਵਾਨੀ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਹਾਕੀ (ਲੜਕੇ-ਲੜਕੀਆਂ) ਮੁਕਾਬਲਿਆਂ ਦਾ ਸਥਾਨਕ ਰਾਜਿੰਦਰਾ ਕਾਲਜ ਸਥਿਤ ਹਾਕੀ ਸਟੇਡੀਅਮ ਵਿਚ ਆਗਾਜ਼ ਹੋਇਆ | ਇਨ੍ਹਾਂ ਦੋ ਰੋਜ਼ਾ ਮੁਕਾਬਲਿਆਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਸੇਵਾਮੁਕਤ ਪਿ੍ੰ. ਡਾ. ਸੁਰਜੀਤ ਸਿੰਘ ਅਤੇ ਕਬੱਡੀ ਕੋਚ ਪ੍ਰੋ. ਮਦਨ ਲਾਲ ਡਡਵਿੰਡੀ ਨੇ ਕਰਦਿਆਂ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ ਅਤੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਉਨ੍ਹਾਂ ਨਾਲ ਪ੍ਰੋ. ਕੁਲਦੀਪ ਸਿੰਘ ਮੁੱਖੀ ਸਰੀਰਕ ਸਿੱਖਿਆ ਵਿਭਾਗ ਡੀਏਵੀ ਕਾਲਜ ਬਠਿੰਡਾ, ਪ੍ਰੋ. ਨਿਰਮਲ ਸਿੰਘ, ਟੂਰਨਾਮੈਂਟ ਅਬਜ਼ਰਵਰ ਹਾਕੀ ਕੋਚ ਮੀਨਾਕਸ਼ੀ, ਰੁਪਿੰਦਰ ਸਿੰਘ ਸੇਵਾਮੁਕਤ ਡੀਐਸਓ, ਹਾਕੀ ਕੋਚ ਰਾਜਵੰਤ ਸਿੰਘ ਮਾਨ, ਹਾਕੀ ਕੋਚ ਅਵਤਾਰ ਸਿੰਘ ਅਤੇ ਰਣਧੀਰ ਸਿੰਘ ਧੀਰਾ ਆਦਿ ਵੀ ਮੌਜੂਦ ਰਹੇ | ਪਹਿਲੇ ਦਿਨ ਲੜਕਿਆਂ ਦੇ ਵਰਗ ਵਿਚ ਅਮਰ ਸ਼ਹੀਦ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ (ਰੋਪੜ) ਨੇ ਸਰਕਾਰੀ ਕਾਲਜ ਅਮਰਗੜ੍ਹ ਨੂੰ 3-0 ਅਤੇ ਡੀ.ਏ.ਵੀ. ਕਾਲਜ ਬਠਿੰਡਾ ਨੇ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਨੂੰ 7-1 ਹਰਾਇਆ | ਜਦਕਿ ਮਹਿਲਾ ਵਰਗ ਵਿਚ ਬੇਲਾ ਕਾਲਜ ਨੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ (ਬਰਨਾਲਾ) ਨੂੰ 14-0 ਅਤੇ ਡੀ.ਏ.ਵੀ. ਕਾਲਜ ਬਠਿੰਡਾ ਨੇ ਫਿਜ਼ੀਕਲ ਕਾਲਜ ਝੁਨੀਰ ਨੂੰ 15-0 ਗੋਲਾਂ ਨਾਲ ਹਰਾ ਕੇ ਜਿੱਤਾਂ ਦਰਜ ਕੀਤੀਆਂ ਹਨ |