75 ਸਾਲਾ ਬੇਬੇ ਸੁਰਿੰਦਰ ਕੌਰ ਨੇ ਬਲਾਕ ਸੰਮਤੀ ਚੋਣ ਜਿੱਤ ਕੇ ਇਤਿਹਾਸ ਰਚਿਆ <br/>
ਅਜੀਤ ਡੈਸਕ
19-12-2025
ਭੁੱਚੋ ਮੰਡੀ, 18 ਦਸੰਬਰ (ਪਰਵਿੰਦਰ ਸਿੰਘ ਜੌੜਾ)- ਚੋਣਾਂ ਲੜਨ ਲਈ ਆਸਟ੍ਰੇਲੀਆ ਤੋਂ ਪਰਤੀ 75 ਸਾਲਾਂ ਬੇਬੇ ਸੁਰਿੰਦਰ ਕੌਰ ਨੇ ਬਲਾਕ ਸੰਮਤੀ ਚੋਣ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ | ਉਹ ਵਿਧਾਨ ਸਭਾ ਹਲਕਾ ਭੁੱਚੋ ਦੀ ਬਲਾਕ ਸੰਮਤੀ ਜ਼ੋਨ ਚੱਕ ਰਾਮ ਸਿੰਘ ਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਟਿਕਟ 'ਤੇ ਚੋਣ ਲੜੇ ਸਨ | ਉਨ੍ਹਾਂ ਆਪਣੇ ਨਜ਼ਦੀਕੀ 'ਆਪ' ਉਮੀਦਵਾਰ ਨੂੰ 719 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ | ਜਦੋਂ ਕਾਂਗਰਸੀ ਉਮੀਦਵਾਰ ਇੱਥੋਂ ਤੀਜੇ ਸਥਾਨ 'ਤੇ ਰਿਹਾ | ਬੇਬੇ ਸੁਰਿੰਦਰ ਕੌਰ ਚੱਕ ਬਖ਼ਤੂ ਨੇ ਇਸ ਤੋਂ ਪਹਿਲਾਂ ਕੋਈ ਚੋਣ ਨਹੀਂ ਲੜੀ ਸੀ | ਉਨ੍ਹਾਂ ਦਾ ਸਪੁੱਤਰ ਗੁਰਪ੍ਰੀਤ ਸਿੰਘ ਢਿੱਲੋਂ ਪਿੰਡ ਚੱਕ ਬਖ਼ਤੂ ਦਾ ਸਰਪੰਚ ਰਿਹਾ ਹੈ | ਉਹ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਹੈ ਅਤੇ ਚੋਣਾਂ ਲੜਨ ਲਈ ਤਜਰਬੇਕਾਰ, ਜੁਝਾਰੂ ਅਤੇ ਘੁਲਾਟੀਆ ਮੰਨਿਆ ਜਾਂਦਾ ਹੈ | ਬੇਬੇ ਸੁਰਿੰਦਰ ਕੌਰ ਮੈਲਬੋਰਨ (ਆਸਟ੍ਰੇਲੀਆ) ਵਿਖੇ ਪਿਛਲੇ ਡੇਢ ਸਾਲ ਤੋਂ ਆਪਣੇ ਪੋਤੇ ਤਰਨਵੀਰ ਸਿੰਘ ਢਿੱਲੋਂ ਅਤੇ ਪੋਤ-ਨੂੰਹ ਡਾ. ਨਵਪ੍ਰੀਤ ਕੌਰ ਢਿੱਲੋਂ ਕੋਲ ਰਹਿ ਰਹੀ ਸੀ ਅਤੇ ਉਸ ਦਾ ਡੇਢ ਸਾਲ ਦਾ ਵੀਜ਼ਾ ਹੋਰ ਪਿਆ ਸੀ | ਚੋਣਾਂ ਦੌਰਾਨ ਬੇਬੇ ਸੁਰਿੰਦਰ ਕੌਰ ਖ਼ੁਦ ਦੇ ਪਿੰਡ ਚੱਕ ਬਖ਼ਤੂ 'ਚੋਂ ਬਾਕੀ ਸਾਰੇ ਉਮੀਦਵਾਰਾਂ ਨੂੰ ਪਈਆਂ ਕੁਲ ਵੋਟਾਂ ਤੋਂ ਦੁੱਗਣੀਆਂ ਵੋਟਾਂ ਹਾਸਲ ਕਰਨ ਵਿਚ ਕਾਮਯਾਬ ਰਹੀ | ਚੱਕ ਬਖ਼ਤੂ 'ਚੋਂ ਕੁਲ 1486 ਵੋਟਾਂ ਪੋਲ ਹੋਈਆਂ ਸਨ, 'ਚੋਂ 56 ਵੋਟਾਂ ਰੱਦ ਹੋ ਗਈਆਂ | ਬਾਕੀ 1430 'ਚੋਂ 957 (70 ਫ਼ੀਸਦੀ) ਵੋਟਾਂ ਬੇਬੇ ਸੁਰਿੰਦਰ ਕੌਰ ਲੈ ਗਈ | ਇਸ ਪਿੰਡ 'ਚੋਂ 'ਆਪ' ਨੂੰ 302, ਕਾਂਗਰਸ ਨੂੰ 160 ਅਤੇ ਭਾਜਪਾ ਨੂੰ 11 ਵੋਟਾਂ ਪਈਆਂ | ਬਲਾਕ ਸੰਮਤੀ ਜ਼ੋਨ ਚੱਕ ਰਾਮ ਸਿੰਘ ਵਾਲਾ ਦੀ ਗੱਲ ਕਰੀਏ ਤਾਂ ਬੇਬੇ ਸੁਰਿੰਦਰ ਕੌਰ ਕੁਲ ਗਿਣੀਆਂ ਗਈਆਂ 2844 ਵੋਟਾਂ 'ਚੋਂ 1433 (50.38 ਫ਼ੀਸਦੀ) ਵੋਟਾਂ ਲੈਣ ਵਿਚ ਸਫਲ ਰਹੀ | ਇੱਥੋਂ 'ਆਪ' ਨੂੰ 714, ਕਾਂਗਰਸ ਨੂੰ 621 ਅਤੇ ਭਾਜਪਾ ਨੂੰ 76 ਵੋਟਾਂ ਪਈਆਂ | ਅਕਾਲੀ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਬਲਾਕ ਸੰਮਤੀ ਚੇਅਰਮੈਨ ਦੀ ਸੀਟ ਜਨਰਲ ਔਰਤ ਲਈ ਰਾਖਵੀਂ ਹੋਈ ਤਾਂ ਬੇਬੇ ਸੁਰਿੰਦਰ ਕੌਰ ਦਾ ਚੇਅਰਪਰਸਨ ਬਣਨਾ ਤੈਅ ਹੈ |