ਤਲਵੰਡੀ ਸਾਬੋ, 20 ਦਸੰਬਰ (ਰਣਜੀਤ ਸਿੰਘ ਰਾਜੂ)-ਵਿੱਦਿਆ ਦੇ ਖੇਤਰ ਵਿਚ ਪਿਛਲੇ ਲਗਭਗ ਡੇਢ ਦਹਾਕੇ ਤੋਂ ਬੜੀ ਸ਼ਿੱਦਤ ਨਾਲ ਕਾਰਜਸ਼ੀਲ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਥਾਨਕ ਲਾਲੇਆਣਾ ਰੋਡ ਦੇ ਝੁੱਗੀ-ਝੌਂਪੜੀ ਵਾਸੀਆਂ ਨੂੰ ਗਰਮ ਕੱਪੜੇ, ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਪੈਨਸਲਾਂ ਅਤੇ ਬਿਸਕੁੱਟ ਵੰਡੇ ਗਏ | ਕੰਪਿਊਟਿੰਗ ਵਿਭਾਗ ਦੇ ਡੀਨ ਡਾ: ਵਿਜੈ ਲਕਸ਼ਮੀ, ਵਿਭਾਗੀ ਮੈਂਬਰਾਂ ਅਤੇ ਵਿਦਿਆਰਥੀ ਇਸ ਮੌਕੇ ਹਾਜ਼ਿਰ ਰਹੇ | ਡਾ. ਲਕਸ਼ਮੀ ਨੇ ਦੱਸਿਆ ਕਿ ਇਹ ਨਿਸ਼ਕਾਮ ਸੇਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਿਤ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਸਮਰਪਿਤ ਸੀ | ਉਨ੍ਹਾਂ ਦੱਸਿਆ ਕਿ ਇਸ ਰਾਹੀਂ ਵਿਦਿਆਰਥੀਆਂ ਅਤੇ ਲੋਕਾਂ ਨੂੰ ਸਰਬੱਤ ਦੇ ਭਲੇ, ਮਨੁੱਖਤਾ ਅਤੇ ਲੋੜਵੰਦਾਂ ਦੀ ਸੇਵਾ ਦਾ ਸੰਦੇਸ਼ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸਮਾਜ ਵਿਚੋਂ ਅਨਪੜ੍ਹਤਾ ਦੇ ਹਨ੍ਹੇਰੇ ਨੂੰ ਦੂਰ ਕਰਨ, ਗਿਆਨ ਦੇ ਪ੍ਰਕਾਸ਼ ਅਤੇ ਛੋਟੇ ਬੱਚਿਆਂ ਵਿਚ ਪੜ੍ਹਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਉੱਦਮ ਕੀਤੇ ਜਾ ਰਹੇ ਹਨ | ਉਨ੍ਹਾਂ ਕੜਾਕੇ ਦੀ ਸਰਦੀ ਵਿਚ ਲੋੜਵੰਦਾਂ, ਬੇਜ਼ੁਬਾਨ ਪੰਛੀਆਂ ਅਤੇ ਜਾਨਵਰਾਂ ਦੀ ਸੇਵਾ ਸੰਭਾਲ ਬਾਰੇ ਵੀ ਵਿਚਾਰ ਸਾਂਝੇ ਕੀਤੇ |