ਬਠਿੰਡਾ, 20 ਦਸੰਬਰ (ਵੀਰਪਾਲ ਸਿੰਘ)-ਪੰਜਾਬ ਅਤੇ ਗੁਆਂਢੀ ਰਾਜਾਂ ਵਿਚ ਚੱਲੀ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਪੈਣ 'ਤੇ ਦਸੰਬਰ ਮਹੀਨੇ ਦੇ ਮੱਧ ਤੋਂ ਬਾਅਦ ਪਾਰਾ ਲਗਾਤਾਰ ਡਿਗਣਾ ਕਣਕ ਦੀ ਫ਼ਸਲ ਲਈ ਦੇਸੀ ਘਿਓ ਦਾ ਕੰਮ ਕਰ ਰਿਹਾ | ਪੰਜਾਬ ਵਿਚ 35 ਲੱਖ ਹੈਕਟੇਅਰ ਕਣਕ ਦੀ ਬਿਜਾਂਦ ਲਈ ਠੰਢਾ ਮੌਸਮ ਬੇਹੱਦ ਲਾਹੇਵੰਦ ਹੋਣ ਨਾਲ ਕਣਕ ਦਾ ਝਾੜ ਵੱਧਣ ਦੇ ਆਸਾਰ ਬਣਦੇ ਹੋਏ ਵਿਖਾਈ ਦੇਣ ਲੱਗੇ ਹਨ | ਝੋਨੇ ਦੀ ਫ਼ਸਲ ਦਾ ਝਾੜ ਘੱਟ ਨਿਕਲਣ ਨਾਲ ਟੁੱਟੇ ਹੋਏ ਕਿਸਾਨ ਲਈ ਠੰਢ ਦਾ ਪੈਣਾ ਸ਼ੁਭ ਸੰਕੇਤ ਹੈ | ਖੇਤੀ ਮਾਹਿਰਾਂ ਅਨੁਸਾਰ 15 ਤੋਂ 20 ਡਿਗਰੀ ਤੱਕ ਰਹਿਣ ਵਾਲਾ ਠੰਢਾ ਮੌਸਮ ਕਣਕ ਦੀ ਖੇਤੀ ਲਈ ਕਾਫ਼ੀ ਲਾਹੇਵੰਦ ਹੈ | ਵਧੇਰੇ ਠੰਢ ਅਤੇ ਧੁੰਧ ਪੈਣ ਨਾਲ ਕਣਕ ਦੀ ਫ਼ਸਲ ਨੂੰ ਦਿੱਤੀਆਂ ਜਾਣ ਵਾਲੀਆਂ ਖਾਦਾਂ ਦੀ ਪਾਵਰ 25 ਫੀਸਦੀ ਤੱਕ ਵੱਧ ਅਸਰ ਵਿਖਾਉਂਦੀ ਹੈ | ਜਿਸ ਨਾਲ ਕਣਕ ਦੀ ਫ਼ਸਲ ਦਾ ਫੁਟਾਰਾ 20 ਫੀਸਦੀ ਤੱਕ ਵੱਧ ਹੋਣ ਨਾਲ ਕਣਕ ਦੇ ਪੌਦਿਆਂ ਦੀਆਂ ਸਖ਼ਾਵਾਂ ਵਧੇਰੇ ਮਜ਼ਬੂਤ ਬਣਨ ਨਾਲ ਕਣਕ ਦੇ ਵਧੇਰੇ ਝਾੜ ਨਿਕਲਣ ਦੇ ਆਸਾਰ ਬਣਦੇ ਹਨ | ਦੱਸਣਯੋਗ 15 ਦਸੰਬਰ ਤੋਂ ਪਹਿਲਾਂ ਦਿਨ ਵੇਲੇ ਦੇ ਪਾਰਾ 25 ਤੋਂ 28 ਡਿਗਰੀ ਸੈਲਸੀਅਸ ਤੱਕ ਚੱਲ ਰਿਹਾ ਸੀ | ਠੰਢ ਨਾ ਪੈਣ ਕਰਕੇ ਕਿਸਾਨ ਚਿੰਤਾਵਾਂ ਵਿਚ ਸਨ | ਇਸ ਨਾਲ ਕਣਕ ਦੀ ਬਿਜਾਈ ਵੇਲੇ ਡੀ ਏ ਪੀ ਖਾਦਾਂ ਨਾ ਮਿਲਣ ਦੀ ਦਿੱਕਤ ਅਤੇ ਚਾਲੂ ਸਮੇਂ ਦੌਰਾਨ ਯੂਰੀਆ ਖਾਦ ਦੀ ਪੂਰਤੀ ਦੀ ਕਮੀ ਕਣਕ ਦੀ ਫ਼ਸਲ ਲਈ ਨੁਕਸਾਨਦਾਇਕ ਸੀ | ਠੰਢੇ ਮੌਸਮ ਰਹਿਣ ਨਾਲ ਘੱਟ ਖਾਦਾਂ ਦੀ ਵਰਤੋਂ ਦੀ ਭਰਪਾਈ ਹੋ ਸਕਦੀ ਹੈ | ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਹਰਿਆਣਾ ਵਿਚ ਸੰਘਣੀ ਧੁੰਦ ਅਤੇ ਸੀਤ ਲਹਿਰ ਨਾਲ ਅਗਲੇ ਦਿਨਾਂ 'ਚ ਠੰਢ ਵੱਧਣ ਨਾਲ ਪਾਰਾ ਅਗਲੇ ਦਿਨਾਂ 'ਚ ਦਿਨ ਅਤੇ ਰਾਤ ਦੇ ਪਾਰਾ ਸਾਮਾਨਅੰਤਰ ਰਹਿਣ ਦੀਆਂ ਸੰਭਾਵਨਾਵਾਂ ਨਾਲ ਪੰਜਾਬ ਦੇ ਕੁਝ ਹਿੱਸਿਆਂ 'ਚ ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ | ਜਿਸ ਨਾਲ ਕਣਕ ਦੀ ਫ਼ਸਲ ਨੂੰ ਦੂਸਰਾ ਪਾਣੀ ਦੇਣ ਦੀ ਜ਼ਰੂਰਤ ਘੱਟ ਜਾਵੇਗੀ ਅਤੇ ਕਣਕ ਦੀ ਫ਼ਸਲ ਨੂੰ ਸਮੇਂ ਸਿਰ ਖਾਦ ਦੇਣਾ ਵਧੇਰੇ ਲਾਹੇਵੰਦ ਹੋਵੇਗਾ | ਮੌਸਮ ਵਿਭਾਗ ਅਨੁਸਾਰ ਫਰਵਰੀ ਮਾਰਚ ਦੇ ਮਹੀਨੇ ਆਮ ਨਾਲੋਂ ਠੰਢਾ ਰਹਿਣ ਦੀ ਸੰਭਾਵਨਾ ਹੈ, ਜੋ ਕਣ ਦੀਆਂ ਫ਼ਸਲਾਂ ਲਈ ਚੰਗਾ ਸੰਕੇਤ ਹੈ | ਵਧੇਰੇ ਠੰਢ ਪੈਣਾ ਕਿੰਨੂ ਉਤਪਾਦਕ ਕਿਸਾਨਾਂ ਲਈ ਵੀ ਕਾਫ਼ੀ ਲਾਹੇਵੰਦ 20 ਡਿਗਰੀ ਦੇ ਨੇੜੇ ਤੇੜੇ ਰਹਿਣ ਵਾਲਾ ਪਾਰਾ ਕਿੰਨੂਆਂ ਵਿਚ ਵਧੇਰੇ ਮਿਠਾਸ ਪੈਦਾ ਕਰਨ ਲਈ ਫਾਇਦੇਮੰਦ ਹੋਣ ਦੇ ਨਾਲ ਚੰਗੇ ਝਾੜ ਨਿਕਲਣ ਨਾਲ ਕਿੰਨੂੰ ਉਤਪਾਦਕਾਂ ਲਈ ਫਾਇਦੇਮੰਦ ਹੈ |