ਕੋਟਫੱਤਾ, 22 ਦਸੰਬਰ (ਰਣਜੀਤ ਸਿੰਘ ਬੁੱਟਰ)-ਥਾਣਾ ਕੋਟਫੱਤਾ ਪੁਲਿਸ ਵਲੋਂ ਇੱਕ ਵਿਅਕਤੀ ਨੂੰ 1600 ਲੀਟਰ ਚੋਰੀ ਦੇ ਪੈਟਰੋਲ ਸਮੇਤ ਕਾਬੂ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਰਨੈਲ ਸਿੰਘ ਸੀ.ਆਈ.ਏ ਸਟਾਫ਼-2 ਵਲੋਂ ਸੁਖਚੈਨ ਸਿੰਘ ਵਾਸੀ ਚੰਨਣ ਖੇੜਾ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਇੱਕ ਮੁਖ਼ਬਰ ਦੀ ਇਤਲਾਹ 'ਤੇ ਆਪਣੀ ਬਲੈਰੋ ਪਿੱਕਅਪ ਡਾਲਾ ਗੱਡੀ ਨੰਬਰ ਆਰ.ਜੇ-13ਜੀ.ਸੀ 1766 ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਸ ਵਿਚ ਚੋਰੀ ਕੀਤਾ ਹੋਇਆ ਤੇਲ ਸਸਤੇ ਭਾਅ 'ਤੇ ਖ਼ਰੀਦ ਕੇ ਅੱਗੇ ਮਹਿੰਗੇ ਭਾਅ 'ਤੇ ਵੇਚਣ ਦਾ ਆਦਿ ਸੀ | ਇਹ ਵਿਅਕਤੀ ਕੋਟਫੱਤਾ ਇਲਾਕੇ ਦੇ ਢਾਬਿਆਂ ਤੇ ਨੌਹਰਿਆਂ ਵਿਚੋਂ ਚੋਰੀ ਕੀਤਾ ਹੋਇਆ ਪੈਟਰੋਲ ਡੀਜ਼ਲ ਤੇ ਐਥਨੋਲ ਸਸਤੇ ਭਾਅ ਵਿਚ ਖ਼ਰੀਦ ਕੇ ਆਪਣੀ ਬਲੈਰੋ ਪਿੱਕਅਪ ਡਾਲਾ ਵਿਚ ਰੱਖੇ ਡਰੰਮਾਂ ਵਿਚ ਤੇਲ ਭਰਕੇ ਅੱਗੇ ਵੇਚਦਾ ਸੀ | ਉਕਤ ਵਿਅਕਤੀ ਗ੍ਰਾਹਕ ਦੀ ਭਾਲ ਵਿਚ ਗੱਡੀ ਸਮੇਤ ਘੁੰਮ ਫਿਰ ਰਿਹਾ ਸੀ ਕਿ ਮੁਖ਼ਬਰ ਦੀ ਇਤਲਾਹ 'ਤੇ ਸੀ.ਆਈ.ਏ ਸਟਾਫ਼-2 ਦੇ ਅੜਿੱਕੇ ਆ ਗਿਆ | ਸਹਾਇਕ ਥਾਣੇਦਾਰ ਜਰਨੈਲ ਸਿੰਘ ਸੀ.ਆਈ.ਏ ਸਟਾਫ਼-2 ਵਲੋਂ ਮੁਕੱਦਮਾ ਨੰਬਰ 138 ਬੀ.ਐਨ.ਐੱਸ ਦਰਜ਼ ਕਰਕੇ ਮੁਲਜ਼ਮ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ |