ਤਲਵੰਡੀ ਸਾਬੋ, 22 ਦਸੰਬਰ (ਰਣਜੀਤ ਸਿੰਘ ਰਾਜੂ)-ਨਿਊਜ਼ੀਲੈਂਡ ਵਿਚ ਨਗਰ ਕੀਰਤਨ ਦਾ ਉਥੋਂ ਦੇ ਕੁਝ ਵਾਸ਼ਿੰਦਿਆਂ ਵਲੋਂ ਇਕ ਵਿਅਕਤੀ ਵਿਸ਼ੇਸ ਦੀ ਅਗਵਾਈ ਹੇਠ ਵਿਰੋਧ ਕਰਨਾ ਜਿੱਥੇ ਅਤਿ ਮੰਦਭਾਗਾ ਵਰਤਾਰਾ ਹੈ ਉੱਥੇ ਚਿੰਤਾਜਨਕ ਵੀ ਹੈ ਕਿਉਂਕਿ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ | ਨਿਊਜ਼ੀਲੈਂਡ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖਿਲਾਫ਼ ਕਾਰਵਾਈ ਕਰੇ | ਉਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਧਾਰਮਿਕ ਸੰਸਥਾ ਗੁ: ਬੁੰਗਾ ਮਸਤੂਆਣਾ ਧਾਰਮਿਕ ਮਹਾਂ ਵਿਦਿਆਲਾ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਮੁਖੀ ਬਾਬਾ ਕਾਕਾ ਸਿੰਘ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ | ਬਾਬਾ ਕਾਕਾ ਸਿੰਘ ਨੇ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਅਤੇ ਦੇਸ਼ ਜਾਂ ਵਿਦੇਸ਼ 'ਚ ਕਿਸੇ ਵੀ ਧਰਮ ਜਾਂ ਸਮਾਜ ਦੇ ਖਿਲਾਫ਼ ਸਿੱਖਾਂ ਨੇ ਕਦੇ ਕੋਈ ਟੀਕਾ ਟਿੱਪਣੀ ਨਹੀਂ ਕੀਤੀ ਸਗੋਂ ਜਿਸ ਕਿਸੇ ਮੁਲਕ 'ਚ ਕਿਸੇ ਵੀ ਧਰਮ ਦੇ ਲੋਕਾਂ ਤੇ ਸੰਕਟ ਆਇਆ ਤਾਂ ਸਿੱਖਾਂ ਨੇ ਅੱਗੇ ਹੋ ਕੇ ਉਨ੍ਹਾਂ ਦੀ ਮੱਦਦ ਕੀਤੀ | ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ 'ਚ ਵੀ ਸਿੱਖ ਵਰਿ੍ਹਆਂ ਤੋਂ ਭਾਈਚਾਰਕ ਸਾਂਝ ਬਣਾਕੇ ਰਹਿ ਰਹੇ ਹਨ ਅਤੇ ਖਾਸ ਗੱਲ ਇਹ ਕਿ ਨਗਰ ਕੀਰਤਨ ਸਜਾਉਣ ਦੀ ਉੱਥੋਂ ਦੇ ਕਾਨੂੰਨੀ ਕਾਇਦਿਆਂ ਮੁਤਾਬਿਕ ਸਰਕਾਰ ਤੋਂ ਪ੍ਰਵਾਨਗੀ ਹਾਸਿਲ ਕੀਤੀ ਗਈ ਸੀ ਫਿਰ ਵੀ ਅਜਿਹੀ ਘਟਨਾ ਵਾਪਰ ਜਾਣਾ ਚਿੰਤਾਜਨਕ ਹੈ | ਬਾਬਾ ਕਾਕਾ ਸਿੰਘ ਨੇ ਮੰਗ ਕੀਤੀ ਕਿ ਪਾਵਨ ਨਗਰ ਕੀਰਤਨ ਦਾ ਵਿਰੋਧ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਨਿਊਜ਼ੀਲੈਂਡ ਦੇ ਵਿਅਕਤੀ ਵਿਸ਼ੇਸ਼ ਅਤੇ ਉਸਦੇ ਸਾਥੀਆਂ ਖਿਲਾਫ਼ ਉੱਥੋਂ ਦੀ ਸਰਕਾਰ ਨੂੰ ਸਖਤ ਕਾਰਵਾਈ ਅਮਲ 'ਚ ਲਿਆਉਣੀ ਚਾਹੀਦੀ ਹੈ ਤਾਂ ਕਿ ਸਿੱਖ ਭਾਈਚਾਰਾ ਅੱਗੇ ਤੋਂ ਆਪਣੇ ਧਾਰਮਿਕ ਸਮਾਗਮਾਂ ਨੂੰ ਬਿਨ੍ਹਾਂ ਕਿਸੇ ਰੁਕਾਵਟ ਦੇ ਸੰਪੰਨ ਕਰਵਾ ਸਕੇ |