ਬਠਿੰਡਾ, 25 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ (ਆਪ) ਦੇ ਕਿਸਾਨ ਵਿੰਗ ਦੇ ਸੂਬਾ ਸਕੱਤਰ ਇੰਚਾਰਜ ਮਾਲਵਾ (ਵੈਸਟ ਜੋਨ) ਅਤੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਕੁਝ ਕੁ ਜੋਨ ਜਿੱਤ ਕੇ ਪੰਜਾਬ ਅੰਦਰ ਅਗਲੀ ਆਪਣੀ ਸਰਕਾਰ ਬਣਾਉਣ ਦੇ ਸੁਪਨੇ ਨਾ ਦੇਖਣ, ਕਿਉਂਕਿ ਉਹ ਇਨ੍ਹਾਂ ਚੋਣਾਂ 'ਚ ਕੁਝ ਕੁ ਹਲਕਿਆਂ ਤੱਕ ਸਿਮਟ ਕੇ ਰਹੇ ਹਨ ਜਦਕਿ ਆਪ ਨੇ ਪੰਜਾਬ 'ਚ ਸਭ ਤੋਂ ਵੱਧ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ 'ਤੇ ਜਿੱਤ ਪ੍ਰਾਪਤ ਕੀਤੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਤੇ ਮੋਗਾ ਜ਼ਿਲਿ੍ਹਆਂ ਦੇ 20 ਕੁ ਹਲਕਿਆਂ ਅਤੇ ਕਾਂਗਰਸ ਪਾਰਟੀ ਨੂੰ ਸੂਬੇ ਵਿਚ ਸਿਰਫ਼ 20 ਕੁ ਹਲਕਿਆਂ ਵਿਚ ਹੀ ਬੜ੍ਹਤ ਮਿਲੀ ਹੈ, ਜਦਕਿ ਆਪ ਨੇ ਸੂਬੇ ਦੇ 75 ਤੋਂ 77 ਹਲਕਿਆਂ ਵਿਚ ਜਿੱਤ ਹਾਸਲ ਕੀਤੀ ਹੈ | ਪਰਮਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਇਹ ਨਤੀਜੇ ਸਾਬਤ ਕਰਦੇ ਹਨ ਕਿ ਪੰਜਾਬ ਵਿਚ ਆਪ ਦਾ ਕੋਈ ਤੋੜ ਨਹੀਂ ਹੈ ਤੇ ਦੋਵੇਂ ਅਕਾਲੀ ਦਲ ਤੇ ਕਾਂਗਰਸ ਪਾਰਟੀ 2027 ਵਿਚ ਸਰਕਾਰ ਬਣਾਉਣ ਦੇ ਸਿਰਫ਼ ਸੁਫ਼ਨੇ ਦੇਖ ਸਕਦੇ ਹਨ, ਜਿਨ੍ਹਾਂ ਨੂੰ ਪੰਜਾਬ ਦੇ ਵੋਟਰ ਕਦੇ ਵੀ ਪੂਰਾ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਫ਼ ਸੁਥਰੀ ਸ਼ਖ਼ਸੀਅਤ ਅਤੇ ਕੰਮ ਕਰਨ ਦੀ ਵਿਧੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਤੇ ਪੰਜਾਬ 'ਚ ਮੁੜ ਆਪ ਦੀ ਸਰਕਾਰ ਬਣਾਉਣਗੇ |
ਅਕਾਲੀ ਦਲ ਤੇ ਕਾਂਗਰਸ ਪੰਜਾਬ 'ਚ ਸਰਕਾਰ ਬਣਾਉਣ ਦੇ ਸੁਪਨੇ ਨਾ ਲੈਣ-ਪਰਮਜੀਤ ਕੋਟਫੱਤਾ <br/>
ਅਜੀਤ ਡੈਸਕ
26-12-2025