ਕੋਟਫੱਤਾ, 28 ਦਸੰਬਰ (ਰਣਜੀਤ ਸਿੰਘ ਬੁੱਟਰ)-ਪਿੰਡ ਕੋਟ ਸ਼ਮੀਰ ਡੇਰਾ ਕੱਸੀ ਵਾਲਾ ਵਿਖੇ ਬਾਬਾ ਹਰਨੇਕ ਦਾਸ ਸਿੱਧ ਸਤਿਗੁਰ ਦੀ 16ਵੀਂ ਬਰਸੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਖੂਨ ਦਾਨ ਅਤੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ ਦਾ ਉਦਘਾਟਨ ਮਾਨ ਸੰਤ ਕੇਸ਼ੋ ਰਾਮ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਠਿੰਡਾ ਵਲੋਂ ਲਗਾਏ ਇਸ ਖ਼ੂਨਦਾਨ ਕੈਂਪ ਵਿਚ ਸ੍ਰੀ ਗੁਰੂ ਗੋਬਿੰਦ ਚੈਰੀਟੇਬਲ ਟਰੱਸਟ ਬਲੱਡ ਬੈਂਕ ਦੀ ਟੀਮ ਨੇ ਖੂਨ ਇਕੱਤਰ ਕੀਤਾ ਗਿਆ | ਮੁਫ਼ਤ ਮੈਡੀਕਲ ਕੈਂਪ ਵਿਚ ਲਾਈਫ਼ ਲਾਇਨ ਹਸਪਤਾਲ ਤੋਂ ਪਹੁੰਚੇ ਡਾਕਟਰ ਸਿਮਰਨ ਪਾਲ ਕੌਰ ਨੱਕ, ਕੰਨ, ਗਲੇ ਦੇ ਮਾਹਿਰ ਅਤੇ ਡਾਕਟਰ ਰਾਜਿੰਦਰਪਾਲ ਸਿੰਘ ਮਾਨ (ਮਨੋਰੋਗ ਮਾਹਿਰ) ਦੀ ਟੀਮ ਵਲੋਂ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕਰਨ ਉਪਰੰਤ ਦਵਾਈਆਂ ਦਿੱਤੀਆਂ ਗਈਆਂ | ਕੈਂਪ ਨੂੰ ਸਫਲ ਬਣਾਉਣ ਲਈ ਬਲਾਕ ਪ੍ਰਧਾਨ ਡਾਕਟਰ ਜਗਸੀਰ ਸ਼ਰਮਾ, ਜਨਰਲ ਸਕੱਤਰ ਡਾ. ਮੱਖਣ ਸਿੰਘ, ਡਾ. ਗੁਰਪਿਆਰ ਸਿੰਘ, ਡਾ. ਮੰਦਰ ਸਿੰਘ, ਡਾ. ਬੀਰਬਲ ਸਿੰਘ ਅਤੇ ਪਿੰਡ ਕੋਟ ਸ਼ਮੀਰ ਦੇ ਸਮੂਹ ਡਾਕਟਰਾਂ ਨੇ ਸੇਵਾ ਨਿਭਾਈ | ਅੰਤ ਵਿਚ ਬਲਾਕ ਪ੍ਰਧਾਨ ਡਾਕਟਰ ਜਗਸੀਰ ਸ਼ਰਮਾ ਵਲੋਂ ਕੈਂਪ ਵਿਚ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਦਾ ਧੰਨਵਾਦ ਕਰਦੇ ਹੋਏ ਉਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਸ੍ਰੀ ਮਾਨ ਸੰਤ ਬਾਬਾ ਕੇਸ਼ੋ ਰਾਮ ਜੀ ਅਤੇ ਡੇਰੇ ਦੇ ਪ੍ਰਬੰਧਕਾਂ ਵਲੋਂ ਬਰਸੀ ਸਮਾਗਮ ਵਿੱਚ ਪਹੁੰਚੇ ਸਮੂਹ ਡਾਕਟਰਾਂ ਨੂੰ ਸਿਰਪਾਉ ਭੇਟ ਕੀਤੇ ਗਏ | ਇਸ ਮੌਕੇ ਡਾ. ਜਗਦੇਵ ਸਿੰਘ, ਡਾ. ਕੁਲਦੀਪ ਸਿੰਘ, ਡਾ. ਭਜਨ ਸਿੰਘ, ਡਾ. ਹਰਦੀਪ ਸਿੰਘ, ਡਾ. ਪ੍ਰਭਜੀਤ ਸਿੰਘ ਮੌਜੂਦ ਸਨ |