ਗੋਨਿਆਣਾ, 28 ਦਸੰਬਰ (ਲਛਮਣ ਦਾਸ ਗਰਗ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਪਹਿਲਾ 7-ਏ ਸਾਈਡ ਹਾਕੀ ਕੱਪ ਕਰਵਾਇਆ ਗਿਆ | ਜਿਸ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬਾਈ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਕੀਤਾ ਅਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ | ਇਸ ਮੌਕੇ ਬਲਕਾਰ ਸਿੰਘ ਬਰਾੜ ਨੇ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਰੀਰਕ ਤਾਕਤ ਦੇ ਨਾਲ-ਨਾਲ ਮਾਨਸਿਕ ਮਜ਼ਬੂਤੀ ਅਤੇ ਅਨੁਸ਼ਾਸਨ ਵੀ ਸਿਖਾਉਂਦੀਆਂ ਹਨ | ਜੇ ਨੌਜਵਾਨ ਮੈਦਾਨਾਂ ਨਾਲ ਜੁੜ ਜਾਣ ਤਾਂ ਨਸ਼ਿਆਂ ਅਤੇ ਅਪਰਾਧਾਂ ਦੀ ਜੜਆਪੇ ਹੀ ਕੱਟੀ ਜਾ ਸਕਦੀ ਹੈ | ਦਿਲਬਾਗ ਸਿੰਘ ਬਰਾੜ ਮੁੱਖ ਅਫ਼ਸਰ ਥਾਣਾ ਨੇਹੀਆਂ ਵਾਲਾ ਨੇ ਵੀ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਾਕੀ ਵਰਗੀ ਰਾਸ਼ਟਰੀ ਖੇਡ ਨੂੰ ਪਿੰਡਾਂ ਅਤੇ ਕਸਬਿਆਂ ਵਿੱਚ ਉਤਸ਼ਾਹ ਮਿਲਣਾ ਬਹੁਤ ਜ਼ਰੂਰੀ ਹੈ | ਸਵਰਗੀ ਮਨੋਜ ਦੁੱਗਲ ਦੀ ਯਾਦ ਨੂੰ ਸਮਰਪਿਤ ਸੁਰਜੀਤ ਸਿੰਘ ਡੀਪੀਈ ਹਾਕੀ ਅਕੈਡਮੀ ਗੋਨਿਆਣਾ ਮੰਡੀ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਟੂਰਨਾਮੈਂਟ ਦੌਰਾਨ ਕੁਲ 16 ਟੀਮਾਂ ਨੇ ਸ਼ਿਰਕਤ ਕੀਤੀ | ਜਿਨਾਂ ਵਿਚੋਂ ਛੀਟੀਵਾਲਾ ਦੀ ਟੀਮ ਹਾਕੀ ਕੱਪ ਦੀ ਜੇਤੂ ਬਣੀ ਹੈ | ਜਦੋਂਕਿ ਸੁਰਜੀਤ ਸਿੰਘ ਡੀ ਪੀ ਹਾਕੀ ਅਕੈਡਮੀ ਗੋਨਿਆਣਾ ਦੀ ਟੀਮ ਉਪ ਜੇਤੂ ਰਹੀ ਹੈ | ਜੇਤੂ ਟੀਮਾਂ ਨੂੰ ਇਨਾਮ ਦੇਣ ਲਈ ਵਿਸ਼ੇਸ਼ ਤੌਰ 'ਤੇ ਅਸ਼ੋਕ ਧਿਆਨ (ਪੁੱਤਰ ਅਰਜਨ ਅਵਾਰਡੀ ਮੇਜਰ ਧਿਆਨ ਚੰਦ) ਅਤੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਪਹੁੰਚੇ, ਜਿਨਾਂ ਨੇ ਛੀਟੀਵਾਲਾ ਦੀ ਟੀਮ ਨੂੰ 11000/ ਰੁਪਏ ਤੇ ਕੱਪ ਅਤੇ ਗੋਨਿਆਣਾ ਟੀਮ ਨੂੰ 5100/ ਰੁਪਏ ਅਤੇ ਕੱਪ ਇਨਾਮ ਵਜੋਂ ਦਿੱਤੇ | ਇਸੇ ਦੌਰਾਨ ਜੰਗ ਸਿੰਘ ਆਜ਼ਾਦੀ ਘੁਲਾਟੀਆ ਬਲਾਹੜ ਵਿੰਝੂ ਵੱਲੋਂ ਬੈੱਸਟ ਖਿਡਾਰੀ ਵੰਸ਼ ਗੋਨਿਆਣਾ ਮੰਡੀ ਨੂੰ ਸਾਈਕਲ ਇਨਾਮ ਵਜੋਂ ਦਿੱਤਾ |ਇਸ ਮੌਕੇ ਅਮੀਰ ਸਿੰਘ ਮੱਕੜ ਅਤੇ ਪ੍ਰੇਮ ਕੁਮਾਰ ਪ੍ਰੇਮਾ ਸਾਬਕਾ ਪ੍ਰਧਾਨ ਨਗਰ ਕੌਸ਼ਲ, ਸੋਨੂੰ ਦੁਆ, ਮੱਖਣ ਲਾਲ ਗਰਗ, ਗੁਰਚਰਨ ਸਿੰਘ ਬਰਾੜ, ਪਕੰਜ ਗਰਗ ਪ੍ਰਧਾਨ ਸੁਰਜੀਤ ਸਿੰਘ ਡੀ ਪੀ ਹਾਕੀ ਕਲੱਬ ਅਕੈਡਮੀ ਗੋਨਿਆਣਾ, ਧਰੁਵ ਗਰਗ, ਗਗਨਦੀਪ ਸਿੰਘ ਬਲਾਹੜ ਵਿੰਝੂ, ਰਾਮ ਰਤਨ ਗਰਗ ਸਮੇਤ ਸੈਂਕੜੇ ਦਰਸ਼ਕ ਮੌਜੂਦ ਸਨ |