ਬਠਿੰਡਾ, 30 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮੁੱਖ ਖੇਤੀਬਾੜੀ ਅਫਸਰ ਹਰਬੰਸ ਸਿੰਘ ਸਿੱਧੂ ਵਲੋਂ ਜ਼ਿਲ੍ਹੇ ਵਿਚ ਯੂਰੀਆ ਅਤੇ ਹੋਰ ਖਾਦਾਂ ਦੀ ਨਿਰਵਿਘਨ ਸਪਲਾਈ ਸਬੰਧੀ ਬਲਾਕ ਸੰਗਤ ਦੇ ਵੱਖ-ਵੱਖ ਡਿਸਟਰੀਬਿਊਟਰਾਂ/ਡੀਲਰਾਂ ਦੀ ਚੈਕਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਸੰਗਤ ਦੇ ਸਮੂਹ ਡਿਸਟਰੀਬਿਊਟਰਾਂ/ਡੀਲਰਾਂ ਨੂੰ ਯੂਰੀਆ ਅਤੇ ਹੋਰ ਖਾਦਾਂ ਦੀ ਕਾਲਾਬਜ਼ਾਰੀ, ਨਿਸ਼ਚਿਤ ਰੇਟ ਤੋਂ ਵੱਧ ਰੇਟਾਂ ਤੇ ਖਾਦਾਂ ਵੇਚਣ, ਖਾਦਾਂ ਨਾਲ ਹੋਰ ਪਦਾਰਥਾਂ ਦੀ ਟੈਗਿੰਗ ਅਤੇ ਯੂਰੀਆ ਖਾਦ ਦੀ ਜਮ੍ਹਾਂਖੋਰੀ ਨਾ ਕਰਨ ਸਬੰਧੀ ਹਦਾਇਤ ਕੀਤੀ ਗਈ ਹੈ | ਇਸ ਤੋਂ ਇਲਾਵਾ ਸਮੂਹ ਬਲਾਕ ਅਫ਼ਸਰਾਂ ਵਲੋਂ ਆਪਣੇ ਅਧੀਨ ਆਉਂਦੇ ਖਾਦ ਡੀਲਰਾਂ ਦੀ ਚੈਕਿੰਗ ਕੀਤੀ ਗਈ ਹੈ | ਇਸੇ ਤਰ੍ਹਾਂ ਹੀ ਯੂਰੀਆ ਖਾਦ ਦੀ ਗੈਰ-ਖੇਤੀਬਾੜੀ ਵਰਤੋਂ ਨੂੰ ਰੋਕਣ ਲਈ ਸੰਗਤ ਬਲਾਕ ਵਿਚ ਸਥਿਤ ਡੀ. ਕੇ. ਪਲਾਈਵੁੱਡ ਇੰਡਸਟਰੀਜ਼, ਗਹਿਰੀ ਭਾਗੀ ਅਤੇ ਐੱਸ.ਐੱਸ. ਪਲਾਈਵੁੱਡ ਇੰਡਸਟਰੀਜ਼, ਗੁਰੂਸਰ ਸੈਣੇਵਾਲਾ ਦੀ ਵੀ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਸਬਸੀਡਾਈਜ਼ਡ ਯੂਰੀਆ ਖਾਦ ਦੀ ਵਰਤੋਂ ਪਲਾਈਵੁੱਡ ਇੰਡਸਟਰੀ ਵਿਚ ਨਾ ਕੀਤੀ ਜਾਵੇ | ਉਨ੍ਹਾਂ ਡਿਸਟਰੀਬਿਊਟਰਾਂ/ਡੀਲਰਾਂਅਤੇ ਪਲਾਈਵੁੱਡ ਇੰਡਸਟਰੀ ਦੇ ਮਾਲਕਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਜ਼ਿਲ੍ਹੇ ਅਧੀਨ ਆਉਂਦੇ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵਲੋਂ ਪਾਬੰਦੀਸ਼ੁਦਾ ਨਦੀਨਨਾਸ਼ਕ ਗਲਾਈਫੋਸੇਟ ਦੀ ਵਿਕਰੀ ਨਾ ਕੀਤੀ ਜਾਵੇ | ਜੇਕਰ ਕੋਈ ਵੀ ਡੀਲਰ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਇੰਨਸੈਕਟੀਸਾਈਡ ਐਕਟ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ |