ਬਠਿੰਡਾ, 1 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਨਹਿਰ ਦੇ ਕੋਲ ਸਥਿਤ ਉੜੀਆ ਬਸਤੀ 'ਚ ਸ਼ਨੀਵਾਰ ਦੀ ਦੇਰ ਰਾਤ ਇਕ ਝੌਂਪੜੀ ਨੂੰ ਅਚਾਨਕ ਅੱਗ ਲੱਗ ਗਈ, ਇਸ ਭਿਆਨਕ ਅੱਗ ਨਾਲ ਜਿੱਥੇ ਝੌਂਪੜੀ ਦੇ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ, ਉੱਥੇ ਹੀ ਮਜ਼ਦੂਰ ਪਰਿਵਾਰ ਦੀ ਬੱਕਰੀ ਦੀ ਸੜਨ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਜਦੋਂ ਝੌਂਪੜੀ ਨੂੰ ਅੱਗ ਲੱਗੀ, ਤਾਂ ਪੂਰਾ ਪਰਿਵਾਰ ਅੰਦਰ ਸੋ ਰਿਹਾ ਸੀ | ਅੱਗ ਲੱਗਣ ਦਾ ਪਤਾ ਲੱਗਦੇ ਹੀ ਬੱਚਿਆਂ ਸਮੇਤ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਝੌਂਪੜੀ ਵਿਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ | ਝੌਂਪੜੀ ਦੀ ਰਹਿਣ ਵਾਲੀ ਸੀਮਾ ਨੇ ਦੱਸਿਆ ਕਿ ਉਹ ਸਾਰੇ ਪਰਿਵਾਰ ਨਾਲ ਸੋ ਰਹੇ ਸਨ | ਦੇਰ ਰਾਤ ਨੂੰ ਅੱਗ ਦੀ ਗਰਮੀ ਮਹਿਸੂਸ ਹੋਈ ਤਾਂ ਉਨ੍ਹਾਂ ਨੇ ਕਿਸੇ ਤਰ੍ਹਾਂ ਬੱਚਿਆਂ ਸਮੇਤ ਝੌਂਪੜੀ ਵਿਚੋਂ ਬਾਹਰ ਆ ਕੇ ਆਪਣੀ ਜਾਨ ਬਚਾਈ | ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਝੌਂਪੜੀ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ, ਸਿਰਫ਼ ਉਨ੍ਹਾਂ ਦੀ ਜਾਨ ਬਚੀ ਹੈ | ਸੀਮਾ ਨੇ ਇਹ ਵੀ ਦੱਸਿਆ ਕਿ ਉਸ ਦੀਆਂ ਬੱਕਰੀਆਂ ਵੀ ਅੱਗ ਵਿਚ ਝੁਲਸ ਗਈਆਂ | ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਕਰਦੇ ਹਨ | ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ | ਉੜੀਆ ਬਸਤੀ ਦੇ ਵਸਨੀਕ ਗਗਨਦੀਪ ਸਿੰਘ ਨੇ ਦੱਸਿਆ ਕਿ ਰਾਤ ਨੂੰ ਕਰੀਬ 1 ਵਜੇ ਝੌਂਪੜੀ ਨੂੰ ਅੱਗ ਲੱਗ ਗਈ | ਉਸ ਸਮੇਂ ਕਾਲੋਨੀ ਦੇ ਸਾਰੇ ਲੋਕ ਸੁੱਤੇ ਪਏ ਸਨ | ਜਿਵੇਂ ਹੀ ਉਨ੍ਹਾਂ ਨੂੰ ਅੱਗ ਲੱਗਣ ਦਾ ਪਤਾ ਲੱਗਾ, ਉਹ ਅੱਗ ਬੁਝਾਉਣ ਲਈ ਭੱਜੇ | ਉਨ੍ਹਾਂ ਕਿਹਾ ਕਿ ਅੱਧੇ ਘੰਟੇ ਬਾਅਦ ਅੱਗ ਬੁਝਾਉਣ ਲਈ ਫਾਇਰ ਬਿ੍ਗੇਡ ਵੀ ਪਹੁੰਚ ਗਈ, ਪਰ ਉਦੋਂ ਤੱਕ ਝੌਂਪੜੀ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ | ਉਨ੍ਹਾਂ ਨੇ ਸਰਕਾਰ ਤੋਂ ਗਰੀਬ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ | ਗਗਨਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਕਾਲੋਨੀ ਤੱਕ ਪਹੁੰਚਣ ਲਈ ਨਹਿਰ ਤੋਂ ਲੰਘਣਾ ਪੈਂਦਾ ਹੈ, ਪਰ ਨਹਿਰ 'ਤੇ ਬਣਿਆ ਪੁਲ ਬਹੁਤ ਤੰਗ ਹੋਣ ਕਾਰਨ ਫਾਇਰ ਬਿਗ੍ਰੇਡ ਦੀਆ ਗੱਡੀ ਜਾ ਫਿਰ ਐਂਬੂਲੈਂਸ ਨਹੀ ਪਹੁੰਚ ਸਕਦੀ | ਸਮਾਜਸੇਵੀ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਅਪ੍ਰੈਲ 2024 ਵਿਚ ਉੜੀਆ ਬਸਤੀ 'ਚ ਕਈ ਝੋਂਪੜੀਆਂ ਨੂੰ ਅੱਗ ਲੱਗੀ ਸੀ, ਜਿਸ ਕਾਰਨ ਦੋ ਬੱਚੀਆਂ ਜਿੰਦਾ ਸੜ ਗਈਆ ਸਨ | ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ | ਇਸ ਮਾਮਲੇ 'ਚ ਉਨ੍ਹਾਂ ਵਲੋਂ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ, ਜਿਸ ਦਾ ਨੋਟਿਸ ਲੈਂਦਿਆਂ ਕਮਿਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ | ਉਨ੍ਹਾਂ ਕਿਹਾ ਕਿ ਹੁਣ ਪੁਲ ਬਣਾਉਣ ਦੀ ਪ੍ਰਵਾਨਗੀ ਕੁਝ ਸਮਾਂ ਪਹਿਲਾ ਹੀ ਮਿਲ ਚੁੱਕੀ ਹੈ, ਪਰ ਵਿਭਾਗ ਵਲੋਂ ਕੰਮ ਸ਼ੁਰੂ ਨਹੀ ਕੀਤਾ ਗਿਆ |