06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਕਰਵਾਇਆ ਸੈਮੀਨਾਰ

Ad Position 21
No active advertisement
ਅਜੀਤ ਡੈਸਕ 05-09-2025
ਤਲਵੰਡੀ ਸਾਬੋ, 4 ਸਤੰਬਰ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਅੱਜ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਦੀ ਅਗਵਾਈ ਹੇਠ ਦਮਦਮਾ ਸਾਹਿਬ ਵਿਖੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਪਾਰਟੀ ਆਗੂਆਂ, ਪੰਥਕ ਸਖਸ਼ੀਅਤਾਂ ਤੋਂ ਇਲਾਵਾ ਸਿੱਖ ਵਿਦਵਾਨਾਂ ਅਜਮੇਰ ਸਿੰਘ ਤੇ ਡਾ: ਸੇਵਕ ਸਿੰਘ ਨੇ ਸ਼ਮੂਲੀਅਤ ਕਰਦਿਆਂ ਭਾਈ ਖਾਲੜਾ ਦੇ ਜੀਵਨ ਤੇ ਕਾਰਜਾਂ ਤੋਂ ਜਾਣੂੰ ਕਰਵਾਇਆ | ਅਕਾਲੀ ਦਲ (ਅ) ਦੀ ਜ਼ਿਲ੍ਹਾ ਬਠਿੰਡਾ ਜਥੇਬੰਦੀ ਵਲੋਂ ਕਰਵਾਏ ਉਕਤ ਸੈਮੀਨਾਰ ਨੂੰ ਸੰਬੋਧਨ ਹੁੰਦਿਆਂ ਅਜਮੇਰ ਸਿੰਘ ਨੇ ਖਾੜਕੂ ਸੰਘਰਸ਼ ਦੌਰਾਨ ਲਾਵਾਰਿਸ ਦੱਸਕੇ ਸਾੜੀਆਂ ਗਈਆਂ ਕਰੀਬ 25 ਹਜ਼ਾਰ ਲਾਸ਼ਾਂ ਦਾ ਥਹੁ ਪਤਾ ਲਗਾਕੇ ਪੰਜਾਬ ਪੁਲਿਸ ਵਲੋਂ ਸਿੱਖ ਨੌਜਵਾਨਾਂ ਦੇ ਕੀਤੇ ਕਤਲੇਆਮ ਦਾ ਸੱਚ ਕੌਮਾਂਤਰੀ ਪੱਧਰ 'ਤੇ ਉਜਾਗਰ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਜਾਣੂੰ ਕਰਵਾਉਦਿਆਂ ਦੱਸਿਆ ਕਿ ਜਦੋਂ ਖਾਲੜਾ ਨੇ ਕੈਨੇਡਾ ਦੀ ਸੰਸਦ 'ਚ ਸਾਰੇ ਘਟਨਾਕ੍ਰਮ ਤੋਂ ਪਰਦਾ ਚੁੱਕਿਆ ਸੀ ਤਾਂ ਉਦੋਂ ਹੀ ਉਨ੍ਹਾਂ ਨੂੰ ਅਹਿਸਾਸ ਹੋਣ ਲੱਗ ਗਿਆ ਸੀ ਕਿ ਹਿੰਦੁਸਤਾਨ ਵਾਪਿਸ ਪਰਤਦਿਆਂ ਪੁਲਿਸ ਉਨ੍ਹਾਂ ਨੂੰ ਖਤਮ ਕਰ ਸਕਦੀ ਹੈ | ਬਾਵਜੂਦ ਇਸ ਦੇ ਉਨ੍ਹਾਂ ਨੇ ਪੁਲਿਸ ਕਾਰਵਾਈ ਦਾ ਸਾਹਮਣਾ ਕਰਦਿਆਂ ਸ਼ਹਾਦਤ ਹਾਸਿਲ ਕੀਤੀ | ਡਾ: ਸੇਵਕ ਸਿੰਘ ਨੇ ਵੀ ਭਾਈ ਖਾਲੜਾ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਸੀਮਿਤ ਸਾਧਨਾਂ ਨਾਲ ਉਨ੍ਹਾਂ ਨੇ ਸਰਕਾਰੀ ਤੰਤਰ ਦੇ ਖਿਲਾਫ਼ ਖੋਜ ਮੁਹਿੰਮ ਚਲਾਈ ਤੇ ਸਿੱਖ ਨੌਜਵਾਨਾਂ ਦੇ ਕਤਲੇਆਮ ਦਾ ਸੱਚ ਸਾਹਮਣੇ ਲਿਆ ਕੇ ਦੁਨੀਆਂ ਭਰ ਨੂੰ ਪੰਜਾਬ ਵਿਚ ਹੋ ਰਹੀ ਸਿੱਖ ਨਸਲਕੁਸ਼ੀ ਤੋਂ ਜਾਣੂੰ ਕਰਵਾਇਆ | ਅੰਤ ਵਿਚ ਅਕਾਲੀ ਦਲ (ਅ) ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਅਕਾਲੀ ਦਲ (ਅੰਮਿ੍ਤਸਰ) ਦੇ ਮਨੁੱਖੀ ਹੱਕਾਂ ਵਿੰਗ ਦੇ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ ਤੇ ਹਜ਼ਾਰਾਂ ਗੁੰਮਸ਼ੁਦਾ ਨੌਜਵਾਨਾਂ ਦੇ ਪਰਿਵਾਰਾਂ ਦੀ ਆਵਾਜ਼ ਬਣਿਆ | ਸਤੰਬਰ 1995 ਵਿਚ ਪੁਲਿਸ ਵਲੋਂ ਉਨ੍ਹਾਂ ਨੂੰ ਅਗਵਾ ਕਰਕੇ ਸ਼ਹੀਦ ਕਰ ਦੇਣਾ ਸੱਚ ਨੂੰ ਦਬਾਉਣ ਦੀ ਕੋਸ਼ਿਸ ਸੀ, ਪਰ ਖਾਲੜਾ ਸਾਹਿਬ ਦੀ ਹਿੰਮਤ ਅਤੇ ਕੁਰਬਾਨੀ ਅੱਜ ਵੀ ਪੰਥ ਨੂੰ ਪ੍ਰੇਰਿਤ ਕਰ ਰਹੀ ਹੈ ਅਤੇ ਉਨ੍ਹਾਂ ਦੀ ਵਿਰਾਸਤ ਸਿੱਖਾਂ ਨੂੰ ਦਸਤਾਵੇਜ਼ੀ, ਗਵਾਹੀ ਤੇ ਸੱਚ ਰਾਹੀਂ ਲੜਾਈ ਜਾਰੀ ਰੱਖਣ ਦਾ ਹੌਂਸਲਾ ਦਿੰਦੀ ਹੈ | ਈਮਾਨ ਸਿੰਘ ਮਾਨ ਨੇ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ (ਅ) ਭਾਈ ਜਸਵੰਤ ਸਿੰਘ ਖਾਲੜਾ ਤੋਂ ਸੇਧ ਲੈ ਕੇ ਮਨੁੱਖੀ ਹੱਕਾਂ ਖਾਤਿਰ ਹਮੇਸ਼ਾਂ ਜੂਝਦਾ ਰਹੇਗਾ | ਇਸ ਮੌਕੇ ਈਮਾਨ ਸਿੰਘ ਮਾਨ ਤੋਂ ਇਲਾਵਾ ਪਾਰਟੀ ਆਗੂਆਂ ਪ੍ਰੋ. ਮਹਿੰਦਰਪਾਲ ਸਿੰਘ ਜਨਰਲ ਸਕੱਤਰ, ਪਰਵਿੰਦਰ ਸਿੰਘ ਬਾਲਿਆਂਵਾਲੀ ਤੇ ਬਹਾਦਰ ਸਿੰਘ ਭਸੌੜ ਦੋਵੇਂ ਮੈਂਬਰ ਪੀ.ਏ.ਸੀ ਤੇ ਜ਼ਿਲ੍ਹਾ ਬਠਿੰਡਾ ਕਾਰਜਕਾਰੀ ਪ੍ਰਧਾਨ ਯਾਦਵਿੰਦਰ ਸਿੰਘ ਭਾਗੀਵਾਂਦਰ ਨੇ ਪੁੱਜੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ | ਸੈਮੀਨਾਰ 'ਚ ਐਡਵੋਕੇਟ ਜਗਮੀਤ ਸਿੰਘ, ਗੁਰਚਰਨ ਸਿੰਘ ਕੋਟਲੀ ਵਰਕਿੰਗ ਕਮੇਟੀ ਮੈਂਬਰ ਪੰਜਾਬ, ਹਰਪਾਲ ਸਿੰਘ ਪਾਲਾ, ਮਨਜੀਤ ਸਿੰਘ ਕੋਟਸ਼ਮੀਰ, ਸੁਖਦੇਵ ਸਿੰਘ ਨਰੂਆਣਾ, ਸਰਬਜੀਤ ਸਿੰਘ ਪ੍ਰਧਾਨ ਗੱਤਕਾ ਦਲ ਪੰਜਾਬ, ਸਿੱਖ ਪ੍ਰਚਾਰਕ ਬਾਬਾ ਜੱਸਾ ਸਿੰਘ ਜਗਾ ਰਾਮ ਤੀਰਥ, ਭਾਈ ਮਹਿੰਦਰ ਸਿੰਘ ਖਾਲਸਾ ਬਠਿੰਡਾ, ਉੱਜਲ ਸਿੰਘ ਮੰਡੀ ਕਲਾਂ, ਗੁਰਦੀਪ ਸਿੰਘ ਮੰਡੀ ਕਲਾਂ, ਅਜੈਬ ਸਿੰਘ ਸੰਦੋਹਾ, ਪ੍ਰਦੀਪ ਸਿੰਘ ਭਾਗੀਵਾਂਦਰ, ਹਰਪਾਲ ਸਿੰਘ ਵੀ ਮੌਜੂਦ ਸਨ ਜਦੋਂਕਿ ਸਟੇਜ ਸਕੱਤਰ ਦੀ ਭੂਮਿਕਾ ਪਾਰਟੀ ਦੇ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਸਿਮਰਨਜੋਤ ਸਿੰਘ ਖਾਲਸਾ ਨੇ ਬਾਖੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਸਿਆਸੀ ਆਗੂਆਂ ਨੇ ਜਗਰੂਪ ਸਿੰਘ ਸੰਗਤ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਅਗਲੀ ਖ਼ਬਰ ਖ਼ਾਲਸਾ ਏਡ ਸੰਸਥਾ ਵਲੋਂ ਹੜ੍ਹ ਪੀੜਤਾਂ ਲਈ ਸ਼ਹੀਦ ਭਾਈ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਨੂੰ ਆਪਣਾ ਸੈਂਟਰ ਬਣਾਇਆ
Ad Position 24