ਬਠਿੰਡਾ, 4 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- 71 ਸਾਲਾ ਸੇਵਾ ਮੁਕਤ ਭਾਰਤੀ ਜਲ ਸੈਨਾ ਅਧਿਕਾਰੀ ਨਾਲ ਬੀਮਾ ਪਾਲਿਸੀ ਦੇ ਪੈਸੇ ਦੁੱਗਣੇ ਕਰਨ ਦਾ ਵਾਅਦਾ ਕਰਕੇ ਦੋ ਮੁਲਜ਼ਮਾਂ ਵਲੋਂ ਲਗਭਗ 67 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਮੁਲਜ਼ਮ ਅੰਮਿ੍ਤਸਰ ਜ਼ਿਲ੍ਹੇ ਦੇ ਵਸਨੀਕ ਹਨ | ਥਾਣਾ ਕੈਂਟ ਦੇ ਸਹਾਇਕ ਥਾਣੇਦਾਰ ਅਕਸ਼ੈ ਕੁਮਾਰ ਨੇ ਦੱਸਿਆ ਕਿ ਪੀੜਤ ਬਲਵੀਰ ਸਿੰਘ ਵਾਸੀ ਗਲੀ ਨੰਬਰ-12, ਜੁਝਾਰ ਸਿੰਘ ਨਗਰ, ਬਠਿੰਡਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ 1992 'ਚ ਭਾਰਤੀ ਜਲ ਸੈਨਾ ਤੋਂ ਮਾਸਟਰ ਚੀਫ਼ ਪੇਟੀ ਅਫ਼ਸਰ ਵਜੋਂ ਅਹੁਦੇ ਤੋਂ ਸੇਵਾ ਮੁਕਤ ਹੋਇਆ ਸੀ | ਉਸ ਨੇ 2014 ਵਿਚ ਇਕ ਬੀਮਾ ਕੰਪਨੀ ਤੋਂ ਛੇ ਬੀਮਾ ਪਾਲਿਸੀਆਂ ਲਈਆਂ ਸਨ, ਪਰ ਕਿਸ਼ਤਾਂ ਦੀ ਅਦਾਇਗੀ ਪੂਰੀ ਨਹੀਂ ਕਰ ਸਕਿਆ | ਜਦੋਂ ਉਸ ਨੇ ਕੰਪਨੀ ਤੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੂੰ ਇਨਕਾਰ ਕਰ ਦਿੱਤਾ ਗਿਆ ਅਤੇ ਉਹ ਅਦਾਲਤ ਵਿਚ ਕੇਸ ਵੀ ਹਾਰ ਗਿਆ | ਸ਼ਿਕਾਇਤਕਰਤਾ ਅਨੁਸਾਰ ਸਾਲ 2023 ਵਿਚ ਇੱਕ ਵਿਅਕਤੀ ਨੇ ਖ਼ੁਦ ਨੂੰ ਅਜੈ ਵਰਮਾ ਕਮਿਸ਼ਨਰ ਲੋਕਪਾਲ ਬੰਬੇ ਦੱਸ ਕੇ ਉਸ ਨਾਲ ਸੰਪਰਕ ਕੀਤਾ ਅਤੇ ਬੀਮਾ ਪਾਲਿਸੀ ਦੇ ਪੈਸੇ ਦੁੱਗਣੇ ਕਰਕੇ ਵਾਪਸ ਲੈਣ ਦਾ ਵਾਅਦਾ ਕੀਤਾ | ਪੈਸੇ ਵਾਪਸ ਪ੍ਰਾਪਤ ਕਰਨ ਦੇ ਲਾਲਚ ਵਿਚ ਬਲਵੀਰ ਸਿੰਘ ਨੇ ਆਪਣੀ ਮਿਹਨਤ ਦੀ ਕਮਾਈ ਵਿਚੋਂ 19.56 ਲੱਖ ਰੁਪਏ ਮੁਲਜ਼ਮ ਦੇ ਖਾਤੇ ਵਿਚ ਟਰਾਂਸਫ਼ਰ ਕਰ ਦਿੱਤੇ | ਇਸ ਤੋਂ ਬਾਅਦ ਮੁਲਜ਼ਮ ਨੇ ਆਪਣਾ ਫ਼ੋਨ ਬੰਦ ਕਰ ਦਿੱਤਾ | ਪੀੜਤ ਨੇ ਦੱਸਿਆ ਕਿ ਸਾਲ 2025 ਵਿਚ ਉਸ ਨੂੰ ਦੁਬਾਰਾ ਇੱਕ ਕਾਲ ਆਈ | ਇਸ ਵਾਰ ਫ਼ੋਨ ਕਰਨ ਵਾਲੇ ਨੇ ਆਪਣਾ ਨਾਮ ਲਖਵਿੰਦਰ ਸਿੰਘ ਸੇਵਾਮੁਕਤ ਅਧਿਆਪਕ ਦੱਸਿਆ | ਉਸ ਨੇ ਝੂਠਾ ਭਰੋਸਾ ਦਿੱਤਾ ਕਿ ਉਸ ਦੇ ਆਪਣੇ 45 ਲੱਖ ਰੁਪਏ ਵੀ ਫਸ ਗਏ ਹਨ, ਜੋ ਉਸ ਨੇ ਲੋਕਪਾਲ ਬੰਬੇ ਦੇ ਇੱਕ ਅਧਿਕਾਰੀ ਰਾਧੇ ਮੋਹਨ ਦੀ ਮਦਦ ਨਾਲ ਵਸੂਲ ਕਰ ਲਏ ਹਨ | ਲਖਵਿੰਦਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਰਾਧੇ ਮੋਹਨ ਉਸ ਨੂੰ ਪਹਿਲਾਂ ਅਜੈ ਵਰਮਾ ਨੂੰ ਦਿੱਤੇ ਗਏ ਪੈਸੇ ਵੀ ਵਾਪਸ ਕਰਵਾ ਦੇਵੇਗਾ | ਇਸ ਨਵੇਂ ਝਾਂਸੇ 'ਚ ਆ ਕੇ ਬਲਵੀਰ ਸਿੰਘ ਨੇ ਮੁਲਜ਼ਮ ਦੇ ਖਾਤੇ 'ਚ ਅਲੱਗ-ਅਲੱਗ ਕਿਸ਼ਤਾਂ 'ਚ 38 ਲੱਖ ਟਰਾਂਸਫਰ ਕਰ ਦਿੱਤੇ, ਜਦਕਿ ਮੁਲਜ਼ਮ ਨੇ ਆਪਣੇ ਸਾਥੀਆਂ ਦੀ ਮਦਦ ਨਾਲ 9 ਲੱਖ ਰੁਪਏ ਹੋਰ ਲੈ ਲਏ, ਕੁੱਲ ਮਿਲਾ ਕੇ ਬਲਵੀਰ ਸਿੰਘ ਦੇ ਨਾਲ ਕਰੀਬ 67 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ | ਪੈਸੇ ਲੈਣ ਦੇ ਬਾਦ ਮੁਲਜ਼ਮਾਂ ਨੇ ਉਸ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ | ਏਐਸਆਈ ਅਕਸ਼ੈ ਕੁਮਾਰ ਨੇ ਦੱਸਿਆ ਕਿ ਜਾਂਚ 'ਚ ਸਾਹਮਣੇ ਆਇਆ ਹੈ, ਕਿ ਮੁਲਜ਼ਮ ਰਾਜਵਿੰਦਰ ਸਿੰਘ (ਪਿੰਡ ਕਸੇਲ, ਜ਼ਿਲ੍ਹਾ ਤਰਨਤਾਰਨ) ਅਤੇ ਜਗਦੀਪ ਸਿੰਘ ਪਿੰਡ ਕਠਾਨੀਆ, ਜ਼ਿਲ੍ਹਾ ਸ਼੍ਰੀ ਅੰਮਿ੍ਤਸਰ ਸਾਹਿਬ ਨੇ ਮਿਲ ਕੇ ਇਕ ਗਿਰੋਹ ਬਣਾ ਰੱਖਿਆ ਸੀ | ਜੋ ਖ਼ੁਦ ਨੂੰ ਆਈ.ਬੀ ਅਤੇ ਲੋਕਪਾਲ ਅਧਿਕਾਰੀ ਦੱਸ ਕੇ ਲੋਕਾਂ ਨੂੰ ਠੱਗਦੇ ਸਨ | ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |