ਗੋਨਿਆਣਾ, 25 ਸਤੰਬਰ (ਲਛਮਣ ਦਾਸ ਗਰਗ)-ਅੱਜ ਸਵੇਰੇ-ਸਵੇਰੇ ਸ਼ਹਿਰ ਦੇ ਮੁੱਖ ਚੌਕ ਦੇ ਨਜ਼ਦੀਕ ਇਕ ਪ੍ਰਾਈਵੇਟ ਬੱਸ ਅਤੇ ਮੋਟਰ ਸਾਇਕਲ ਦਰਮਿਆਨ ਹੋਈ ਟੱਕਰ ਵਿਚ ਮੋਟਰ ਸਾਇਕਲ ਚਾਲਕ ਜ਼ਖਮੀ ਹੋ ਗਿਆ | ਜਿਸ ਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ | ਹਾਦਸੇ ਤੋਂ ਬਾਅਦ ਗੁੱਸੇ ਵਿਚ ਆਏ ਮੰਡੀ ਸ਼ਹਿਰ ਨਿਵਾਸੀਆਂ ਨੇ ਉਕਤ ਬੱਸ ਨੂੰ ਘੇਰ ਲਿਆ ਅਤੇ ਵੱਡੇ ਪੱਧਰ 'ਤੇ ਵਿਰੋਧ ਪ੍ਰਗਟਾਇਆ | ਉਥੇ ਮੌਜਦੂ ਲੋਕਾਂ ਨੇ ਕਿਹਾ ਕਿ ਗੋਨਿਆਣਾ ਮੰਡੀ ਵਿਚੋਂ ਦੀ ਵੱਡੀਆਂ ਬੱਸਾਂ ਦਾ ਪ੍ਰਵੇਸ਼ ਬਿਲਕੁੱਲ ਖ਼ਤਰਨਾਕ ਹੈ ਅਤੇ ਇਸ ਕਾਰਨ ਹਮੇਸ਼ਾ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਵਾਸੀਆਂ ਦੀ ਮੰਗ ਸੀ ਕਿ ਹੁਣ ਬੱਸਾਂ ਦਾ ਮੰਡੀ ਵਿਚ ਜਾਣਾ ਪੂਰੀ ਤਰ੍ਹਾਂ ਬੰਦ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਸਮਾਜ ਸੇਵੀ ਵਿਪਨ ਗਰਗ ਅਤੇ ਰਮੇਸ਼ ਕੁਮਾਰ ਮੱਟੂ ਨੇ ਵੀ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਗੋਨਿਆਣਾ ਮੰਡੀ ਮਾਲ ਰੋਡ 'ਤੇ ਵੱਡੀਆਂ ਬੱਸਾਂ ਦੇ ਗੁਜ਼ਰਨ 'ਤੇ ਤੁਰੰਤ ਰੋਕ ਲਗਾਈ ਜਾਵੇ | ਉਨ੍ਹਾਂ ਕਿਹਾ ਕਿ ਜੈਤੋ ਬਾਈਪਾਸ ਬਣਿਆ ਹੋਇਆ ਹੈ ਅਤੇ ਬੱਸਾਂ ਨੂੰ ਮੰਡੀ ਵਿਚੋਂ ਲੰਘਾਉਣ ਦੀ ਬਜਾਏ ਸਿੱਧਾ ਬਾਈਪਾਸ ਰਾਹੀਂ ਭੇਜਿਆ ਜਾਵੇ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਹੋਰ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਬੱਸਾਂ 'ਤੇ ਰੋਕ ਲਗਾ ਦੇਣੀ ਚਾਹੀਦੀ ਹੈ | ਇਸ ਸਬੰਧੀ ਥਾਣਾ ਨੇਹੀਂਆਂ ਵਾਲਾ ਦੇ ਮੁੱਖ ਅਫ਼ਸਰ ਕੌਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੁਣ ਤੋਂ ਹੀ ਸ਼ਹਿਰ ਵਿਚੋਂ ਦੀ ਬੱਸਾਂ ਆਉਣੀਆਂ ਜਾਣੀਆਂ ਬੰਦ ਕਰ ਦਿੱਤੀਆਂ ਹਨ, ਉਨ੍ਹਾਂ ਕਿਹਾ ਕਿ ਪਾਬੰਦੀ ਦੇ ਬਾਵਜੂਦ ਜੇਕਰ ਕੋਈ ਵੀ ਬੱਸ ਸ਼ਹਿਰ ਵਿਚ ਦਾਖ਼ਲ ਹੋਵੇਗੀ, ਉਸ ਬੱਸ ਅਤੇ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |