ਸੰਗਤ ਮੰਡੀ 25 ਸਤੰਬਰ (ਅੰਮਿ੍ਤਪਾਲ ਸ਼ਰਮਾ)- ਪਿਛਲੇ ਦਿਨੀਂ ਪਿੰਡ ਰਾਏਕੇ ਕਲਾਂ ਵਿਖੇ ਹੋਈ ਲੜਾਈ ਦੀ ਪੜਤਾਲ ਕਰਨ ਲਈ ਪਿੰਡ ਪਹੁੰਚੇ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਅਤੇ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੇ ਦੱਸਿਆ ਕਿ ਮੇਲੇ ਦੌਰਾਨ ਹੋਈ ਲੜਾਈ ਪੁਲਿਸ ਦੀ ਅਣਗਹਿਲੀ ਕਾਰਨ ਹੋਈ ਹੈ, ਜਦੋਂ ਕਿ ਮੇਲੇ 'ਚ ਪੁਲਿਸ ਨੂੰ ਪੁਖ਼ਤਾ ਪ੍ਰਬੰਧਾਂ ਲਈ ਜਾਣਕਾਰੀ ਪਹਿਲਾਂ ਹੀ ਦਿੱਤੀ ਹੋਈ ਸੀ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਦਲਿਤ ਸਮਾਜ 'ਤੇ ਕੀਤੇ ਜਾ ਰਹੇ ਜ਼ਬਰ ਜੁਲਮ ਵਿਰੁੱਧ ਆਵਾਜ਼ ਉਠਾਉਣ ਲਈ ਵੱਡਾ ਸੰਘਰਸ਼ ਵਿੱਢਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪੁਲਿਸ ਨਾਲ ਝੜਪ ਕਿਸੇ ਹੋਰ ਦੀ ਹੋਈ ਪਰ ਗਿ੍ਫ਼ਤਾਰ ਦਲਿਤ ਸਮਾਜ ਦੇ ਲੋਕ ਕੀਤੇ ਜਾ ਰਹੇ ਹਨ | ਉਨ੍ਹਾਂ ਆਖਿਆ ਕਿ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਦਹਿਸ਼ਤ ਫੈਲਾਉਣ ਲਈ ਉਨ੍ਹਾਂ ਦੇ ਘਰਾਂ 'ਚ ਦਾਖ਼ਲ ਹੋ ਕਿ ਪਸ਼ੂਆਂ ਤੱਕ ਨੂੰ ਖੋਲਿਆ, ਬੀਬੀਆਂ ਨਾਲ ਦੁਰਵਿਹਾਰ ਕੀਤਾ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਉਨ੍ਹਾਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ | ਗਹਿਰੀ ਨੇ ਐਲਾਨ ਕੀਤਾ ਕੇ ਡੀ. ਆਈ. ਜੀ. ਵੱਲੋਂ ਐਸ. ਪੀ. ਡੀ. ਦੀ ਡਿਊਟੀ ਪੜਤਾਲ ਕਰਕੇ ਇਨਸਾਫ਼ ਦੇਣ ਦੀ ਲਾਈ ਹੈ, ਜੇ ਪੂਰਾ ਇਨਸਾਫ਼ ਨਾ ਮਿਲਿਆ, ਤਾਂ 27 ਸਤੰਬਰ ਨੂੰ ਬਠਿੰਡਾ ਵਿਖੇ ਮੀਟਿੰਗ ਕਰਕੇ ਤਿੱਖੇ ਅੰਦੋਲਨ ਦਾ ਬਿਗਲ ਵਜਾ ਦਿਤਾ ਜਾਵੇਗਾ | ਇਸ ਮੌਕੇ ਬੋਹੜ ਸਿੰਘ ਘਾਰੂ ਨੇ ਵੀ ਸੰਬੋਧਨ ਕੀਤਾ ਅਤੇ 11-11 ਮਰਦਾਂ ਅਤੇ ਅÏਰਤਾਂ ਦੀਆਂ ਕਮੇਟੀਆਂ ਗਠਿਤ ਕੀਤੀਆਂ ਗਈਆ | ਇਸ ਮੌਕੇ ਕੁਲਵਿੰਦਰ ਸਿੰਘ ਕਾਂਗਰਸ ਆਗੂ, ਗੁਰਬਿੰਦਰ ਸਿੰਘ ਮੀਤ ਚੇਅਰਮੈਨ ਕੇ.ਕੇ.ਸੀ. ਕਾਂਗਰਸ ਵਿਭਾਗ ਬਠਿੰਡਾ, ਗੋਰਾ ਸਿੰਘ ਕਾਕੂ, ਪ੍ਰਧਾਨ ਹਰਪਾਲ ਸਿੰਘ ਕੋਟਗੁਰੂ, ਮਹਿੰਦਰ ਕੌਰ ਜੰਗੀਰਾਣਾ ਮਿਲਖਾ ਸਿੰਘ, ਗੁਰਜੰਟ ਸਿੰਘ, ਸੋਹਣ ਸਿੰਘ ਪੰਚ, ਤੇਜਾ ਸਿੰਘ, ਜਗਸੀਰ ਸਿੰਘ, ਵੀਰਪਾਲ ਕੌਰ, ਸੁਖਪ੍ਰੀਤ ਕੌਰ, ਰਪਿੰਦਰ ਕੌਰ, ਪਰਮਜੀਤ ਕੌਰ, ਮਨਪ੍ਰੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾ ਮਹਿਲਾਵਾਂ ਨੇ ਹਿੱਸਾ ਲਿਆ |