ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਨੂੰ ਸਾਰੀਆਂ ਸਹੂਲਤਾਂ ਉਨ੍ਹਾਂ ਦੇ ਦਰ੍ਹਾਂ ਨੇੜੇ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਅਤੇ ਵਚਨਵੱਧ ਹੈ | ਇਸੇ ਲੜੀ ਦੇ ਤਹਿਤ ਸੂਬਾ ਸਰਕਾਰ ਵਲੋਂ ਜ਼ਿਲ੍ਹੇ ਦੇ 34 ਸੇਵਾਂ ਕੇਂਦਰਾਂ 'ਚ 'ਪੈਨਸ਼ਨਰ ਸੇਵਾ ਪੋਰਟਲ' ਦੀ ਸਹੂਲਤ ਸ਼ੁਰੂ ਕੀਤੀ ਹੈ | ਇਸ ਪੋਰਟਲ ਰਾਹੀਂ ਪੈਨਸ਼ਨਰ ਹੁਣ ਆਪਣੀਆਂ ਪੈਨਸ਼ਨ ਸਬੰਧੀ ਮੁੱਖ ਸੇਵਾਵਾਂ ਇਕ ਹੀ ਥਾਂ 'ਤੇ ਸੌਖੇ ਤਰੀਕੇ ਨਾਲ ਪ੍ਰਾਪਤ ਕਰ ਸਕਣਗੇ | ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ 'ਪੈਨਸ਼ਨਰ ਸੇਵਾ ਪੋਰਟਲ' ਦਾ ਮਕਸਦ ਪੈਨਸ਼ਨਰਾਂ ਦੀਆਂ ਸੇਵਾਵਾਂ ਨੂੰ ਡਿਜ਼ਿਟਲ ਰੂਪ ਵਿਚ ਸੁਖਾਲਾ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿਚ 6 ਤਰ੍ਹਾਂ ਦੀਆਂ ਮੁੱਖ ਸੇਵਾਵਾਂ ਨੂੰ ਪੋਰਟਲ 'ਤੇ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਈ-ਕੇ.ਵਾਈ.ਸੀ., ਜੀਵਨ ਪ੍ਰਮਾਣ ਪੱਤਰ, ਸ਼ਿਕਾਇਤ ਪ੍ਰਮਾਣ ਪੱਤਰ, ਸ਼ਿਕਾਇਤ ਦਰਜ਼ ਕਰਨਾ, ਪਰਿਵਾਰਿਕ ਪੈਨਸ਼ਨ ਲਈ ਅਰਜ਼ੀ, ਐਲ.ਟੀ.ਸੀ. ਲਈ ਅਰਜ਼ੀ ਦੇਣਾ ਆਦਿ ਸਹੂਲਤਾਂ ਸ਼ਾਮਲ ਹਨ | ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜ਼ਰ ਰਾਜਵੀਰ ਸਿੰਘ ਨੇ ਦੱਸਿਆ ਕਿ ਪੈਨਸ਼ਨਰਾਂ ਨੂੰ ਪੋਰਟਲ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਉਹ ਘਰ ਬੈਠੇ ਹੀ ਟੋਲ ਫਰੀ ਨੰਬਰ 1076 'ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰਕੇ, ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ |