ਬਠਿੰਡਾ, 24 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਟ੍ਰੇਡ ਵਿੰਗ ਮਜ਼ਦੂਰ-ਮੁਲਾਜਮ ਕਾਂਗਰਸ ਪੰਜਾਬ ਨੇ ਕੇਂਦਰ ਸਰਕਾਰ ਵਲੋਂ ਹਾਲ ਹੀ 'ਚ ਲਾਗੂ ਕੀਤੇ ਗਏ ਚਾਰ ਕਿਰਤ ਕੋਡਾਂ ਨੂੰ ਮਜ਼ਦੂਰ ਵਿਰੋਧੀ ਕਰਾਰ ਦਿੰਦਿਆਂ ਇਸ ਸਬੰਧੀ ਜਾਰੀ ਨੋਟੀਫ਼ਿਕੇਸ਼ਨ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਮਜ਼ਦੂਰ ਮੁਲਾਜ਼ਮ ਕਾਂਗਰਸ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ-ਪੱਤਰ ਭੇਜਿਆ ਗਿਆ | ਗਹਿਰੀ ਨੇ ਕਿਹਾ ਕਿ ਉਕਤ ਕਿਰਤ ਕੋਡ ਲਾਗੂ ਹੋਣ ਨਾਲ ਹੁਣ ਮਜ਼ਦੂਰਾਂ ਨੂੰ 8 ਦੀ ਬਜਾਏ 12 ਘੰਟਿਆਂ ਲਈ ਕੰਮ ਕਰਨ ਲਈ ਮਜਬੂਰ ਹੋਣ ਪਵੇਗਾ ਤੇ ਉਨ੍ਹਾਂ ਨੂੰ ਪੂੰਜੀਪਤੀਆਂ ਤੇ ਕਾਰਖ਼ਾਨੇਦਾਰਾਂ ਦੀ ਕਠਪੁਤਲੀ ਬਣਾਇਆ ਜਾਵੇਗਾ | ਇਹ ਕਿਰਤ ਕੋਡ ਮਜ਼ਦੂਰ ਯੂਨੀਅਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਤੇ ਸੰਵਿਧਾਨ ਵਿਰੋਧੀ ਕਦਮ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਉਕਤ ਕਿਰਤ ਕੋਡ ਲਾਗੂ ਕਰਨ ਵਾਲਾ ਨੋਟੀਫ਼ਿਕੇਸ਼ਨ ਤੁਰੰਤ ਰੱਦ ਨਾ ਕੀਤਾ ਤਾਂ ਮਜ਼ਦੂਰ-ਮੁਲਾਜ਼ਮ ਕਾਂਗਰਸ ਦੇ ਕੌਮੀ ਪ੍ਰਧਾਨ ਸੰਸਦ ਮੈਂਬਰ ਉੱਦਿਤ ਰਾਜ ਦੀ ਅਗਵਾਈ 'ਚ ਦੇਸ ਭਰ ਦੇ ਟ੍ਰੇਡ ਮਜ਼ਦੂਰਾਂ ਨੂੰ ਨਾਲ ਲੈ ਕੇ ਦੇਸ਼ ਵਿਆਪੀ ਅੰਦੋਲਨ ਵਿੱਢਿਆ ਜਾਵੇਗਾ | ਉਨ੍ਹਾਂ ਸਮੂਹ ਮਜ਼ਦੂਰਾਂ ਨੂੰ ਇਹ ਕਿਰਤ ਕੋਡ ਰੱਦ ਕਰਵਾਉਣ ਲਈ ਇਕਜੁਟ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਜ਼ਿਲ੍ਹਾ ਚੇਅਰਮੈਨ ਗੁਰਜੰਟ ਸਿੰਘ ਜ਼ਿਲ੍ਹਾ ਚੇਅਰਮੈਨ, ਉੱਪ-ਚੇਅਰਮੈਨ ਮੋਦਨ ਸਿੰਘ, ਜਨਰਲ ਸਕੱਤਰ ਬਲਦੇਵ ਸਿੰਘ, ਗੁਰਤੇਜ ਸਿੰਘ ਬੱਲੂਆਣਾ, ਪਾਲ ਸਿੰਘ ਕਮਾਲੂ, ਸਾਬਕਾ ਪੰਚ ਗੁਰਦੀਪ ਸਿੰਘ ਸਿਵੀਆਂ, ਮੇਜਰ ਸਿੰਘ, ਅੰਮਿ੍ਤਪਾਲ ਸਿੰਘ ਪ੍ਰਧਾਨ ਐਨ.ਐਫ.ਐਲ., ਕਾਕਾ ਸਿੰਘ ਮਿਸਤਰੀ, ਲਵਪ੍ਰੀਤ ਸਿੰਘ ਕੌਰੇਆਣਾ, ਖੁਸ਼ਵਿੰਦਰ ਸਿੰਘ, ਕੇਵਲ ਸਿੰਘ, ਨਰੇਸ਼ ਲਹਿਰੀ ਅਤੇ ਜਸਵੀਰ ਸਿੰਘ ਗੋਬਿੰਦਪੁਰਾ ਜ਼ਿਲ੍ਹਾ ਪ੍ਰਧਾਨ ਡੋਮਾ ਪਰੀਸੰਗ ਆਦਿ ਮੌਜੂਦ ਸਨ |