ਬੁਢਲਾਡਾ, 24 ਨਵੰਬਰ (ਸਵਰਨ ਸਿੰਘ ਰਾਹੀ)- ਪਿਛਲੇ ਦਿਨੀਂ ਐੱਸ.ਏ.ਐੱਸ ਨਗਰ ਵਿਖੇ ਹੋਏ ਜ਼ਿਲ੍ਹਾ ਨੈਸ਼ਨਲ ਕਬੱਡੀ ਅੰਡਰ-11 ਸਾਲ ਮੁਕਾਬਲਿਆਂ 'ਚ ਸਟੇਟ ਪੱਧਰ 'ਤੇ ਜੇਤੂ ਰਹੀ ਜ਼ਿਲ੍ਹਾ ਮਾਨਸਾ ਦੀ ਟੀਮ ਦੀਆਂ ਮੈਂਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ (ਬੱਛੋਆਣਾ) ਦੀਆਂ ਦੋ ਖਿਡਾਰਨਾਂ ਦਾ ਸਕੂਲ ਪਹੁੰਚਣ 'ਤੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਪਿਆਰ ਸਿੰਘ ਨੇ ਦੱਸਿਆ ਕਿ ਸਟੇਟ ਜੇਤੂ ਟੀਮ ਵਿਚ ਸ਼ਾਮਿਲ ਸਕੂਲ ਦੀਆਂ ਵਿਦਿਆਰਥਣਾਂ ਮਹਰੀਨ ਕੌਰ ਅਤੇ ਸਿਮਰਜੀਤ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਸਕੂਲ ਮੁਖੀ ਸਤਪਾਲ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਦੀ ਪਿਛਲੇ ਕਈ ਮਹੀਨਿਆਂ ਦੀ ਲਗਾਤਾਰ ਮਿਹਨਤ ਸਦਕਾ ਇਹ ਵਿਦਿਆਰਥਣਾਂ ਪੰਜਾਬ ਜੇਤੂ ਬਣੀਆਂ ਹਨ | ਹੋਣਹਾਰ ਵਿਦਿਆਰਥਣਾਂ ਨੂੰ ਪਿੰਡ ਬੱਛੋਆਣਾ ਦੇ ਆਗੂ ਮਨਜੀਤ ਸਿੰਘ ਪੋਪੀ, ਗੁਰਲਾਲ ਸਿੰਘ, ਨਰਿੰਦਰ ਸਿੰਘ ਤੇ ਹਰਦੇਵ ਸਿੰਘ ਵਲੋਂ ਰੇਂਜਰ ਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਇਨ੍ਹਾਂ ਵਿਦਿਆਰਥਣਾਂ ਦਾ ਗ੍ਰਾਮ ਪੰਚਾਇਤ ਬੱਛੋਆਣਾ, ਬਾਬਾ ਥੰਮਣ ਸਿੰਘ ਸਪੋਰਟਸ ਕਲੱਬ, ਪਿੰਡ ਵਾਸੀਆਂ ਤੇ ਸਕੂਲ ਸਟਾਫ਼ ਤੇ ਬੱਚਿਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਰਣਜੀਤ ਸਿੰਘ, ਮਨਦੀਪ ਕੌਰ, ਕਿੰਮੀ ਗੁਪਤਾ ਮੁਕੇਸ਼ ਦਾਸ ਅਤੇ ਮਾਪੇ ਹਾਜ਼ਰ ਸਨ |