ਰਾਮਾਂ ਮੰਡੀ, 29 ਦਸੰਬਰ (ਤਰਸੇਮ ਸਿੰਗਲਾ)-ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਘਰ ਬਣਾਉਣ ਦਾ ਸੁਪਨਾ ਪੂਰਾ ਕਰਨ ਲਈ ਕਈ ਲੋਨ ਸਕੀਮਾਂ ਚਲਾਈਆਂ ਗਈਆਂ ਹਨ, ਉਥੇ ਐੱਸ.ਬੀ.ਆਈ. ਦੇ ਅਧਿਕਾਰੀਆਂ ਨੇ ਰਾਮਾਂ ਮੰਡੀ ਦੇ ਇਕ ਵਿਅਕਤੀ ਸੁਰਿੰਦਰ ਕੁਮਾਰ ਪੁੱਤਰ ਰਾਮ ਕੁਮਾਰ ਦਾ 14__1MP__50 ਫੁੱਟ ਦਾ ਮਕਾਨ ਜੋ ਬੈਂਕ ਕੋਲ ਲੋਨ ਦੀ ਰਕਮ ਦੇ ਬਦਲੇ ਗਿਰਵੀ ਪਿਆ ਸੀ, ਪੀੜ੍ਹਤ ਨੂੰ ਧੋਖੇ ਵਿਚ ਰੱਖ ਕੇ ਅੱਧੀ ਕੀਮਤ ਵਿਚ ਹੀ ਆਪਣੇ ਕਿਸੇ ਜਾਣਕਾਰ ਨੂੰ ਵੇਚਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪੀੜ੍ਹਤ ਸੁਰਿੰਦਰ ਕੁਮਾਰ ਵਾਸੀ ਰਾਮਾਂ ਮੰਡੀ ਨੇ ਬੈਂਕ ਅਧਿਕਾਰੀਆਂ ਵਿਰੁੱਧ ਉਚ ਅਧਿਕਾਰੀਆਂ ਨੂੰ ਭੇਜੀ ਦਰਖਾਸਤ ਦੀ ਕਾਪੀ ਦਿਖਾਉਂਦੇ ਹੋਏ ਦੱਸਿਆ ਕਿ ਉਸ ਨੇ ਸਾਲ 2016 ਵਿਚ, ਸਟੇਟ ਬੈਂਕ ਆਫ਼ ਇੰਡੀਆ ਸ਼ਾਖਾ ਰਾਮਾਂ ਤੋਂ 10,50000 ਰੁਪਏ ਦਾ ਕਰਜ਼ਾ ਲਿਆ ਸੀ ਅਤੇ ਇਸ ਸਾਲ 2018 ਵਿਚ 7,50000 ਰੁਪਏ ਘਰ ਦੀ ਮੁਰੰਮਤ ਲਈ ਕਰਜ਼ਾ ਲਿਆ ਸੀ, ਕੁੱਲ ਰਕਮ 18 ਲੱਖ ਰੁਪਏ ਬਣਦੀ ਹੈ | ਉਸ ਨੇ ਆਪਣਾ ਘਰ ਬੈਂਕ ਕੋਲ ਗਿਰਵੀ ਰੱਖਿਆ ਸੀ | ਕਰਜ਼ਾ ਲੈਣ ਤੋਂ ਬਾਅਦ, ਉਸ ਵਲੋਂ ਕਿਸ਼ਤਾਂ ਵਿਚ ਲਗਭਗ 6 ਲੱਖ ਰੁਪਏ ਅਦਾ ਕੀਤੇ ਗਏ | ਕੋਵਿਡ-19 ਦੌਰਾਨ ਉਹ ਲੋਨ ਦੀਆਂ ਕਿਸ਼ਤਾਂ ਜਮ੍ਹਾਂ ਕਰਵਾਉਣ ਵਿਚ ਅਸਮਰੱਥ ਰਿਹਾ | ਇਸ ਤੋਂ ਬਾਅਦ, ਉਸਨੇ ਸਮਝੌਤੇ ਲਈ ਬੈਂਕ ਅਧਿਕਾਰੀਆਂ ਨਾਲ ਵਾਰ-ਵਾਰ ਗੱਲ ਕੀਤੀ ਅਤੇ ਨਿਪਟਾਰੇ ਦੀ ਰਕਮ ਵਜੋਂ 50,000 ਰੁਪਏ ਦਾ ਚੈੱਕ ਵੀ ਜਮ੍ਹਾਂ ਕਰਵਾਇਆ, ਜਿਸ ਬਾਰੇ ਡੀ ਸੀ ਬਠਿੰਡਾ ਨੂੰ ਵੀ ਇਕ ਪੱਤਰ ਰਾਹੀਂ ਸੂਚਿਤ ਕੀਤਾ ਸੀ | ਪੀੜ੍ਹਤ ਨੇ ਦੋਸ਼ ਲਗਾਇਆ ਹੈ ਕਿ ਬੈਂਕ ਅਧਿਕਾਰੀਆਂ ਨੇ ਉਸਦੀ ਗੱਲ ਨਹੀਂ ਸੁਣੀ, ਅਤੇ 8 ਜੁਲਾਈ, 2022 ਨੂੰ ਘਰ ਦਾ ਕਬਜ਼ਾ ਲੈ ਕੇ ਉਸਨੂੰ ਘਰੋਂ ਬੇਘਰ ਕਰ ਦਿੱਤਾ ਗਿਆ, ਜਦੋਂਕਿ ਘਰੇਲੂ ਕਰਜ਼ੇ ਦੀਆਂ ਕਿਸ਼ਤਾਂ ਦਾ 100 ਫੀਸਦੀ ਭੁਗਤਾਨ ਉਸ ਵਲੋਂ ਜਾਰੀ ਰੱਖਿਆ ਗਿਆ ਸੀ | ਇਸ ਤੋਂ ਇਲਾਵਾ, ਬੈਂਕ ਵਲੋਂ ਰਿਕਵਰੀ ਕੇਸ ਵੀ ਦਾਇਰ ਕੀਤਾ, ਜੋ ਅਜੇ ਵੀ ਚੱਲ ਰਿਹਾ ਹੈ | ਸੁਰਿੰਦਰ ਕੁਮਾਰ ਨੇ ਦੋਸ਼ ਲਗਾਇਆ ਕਿ ਬੈਂਕ ਅਧਿਕਾਰੀਆਂ ਨੇ ਗਲਤ ਮੁਲਾਂਕਣ ਕਰਕੇ ਉਸਨੂੰ ਬਿਨ੍ਹਾਂ ਭਰੋਸੇ ਵਿਚ ਲਏ ਉਸਦਾ ਮਕਾਨ ਇਕ ਰਿਕਵਰੀ ਏਜੰਸੀ ਰਾਹੀਂ ਆਪਣੇ ਕਿਸੇ ਜਾਣਕਾਰ ਵਿਅਕਤੀ ਨੂੰ 34 ਲੱਖ ਰੁਪਏ ਵਿਚ ਵੇਚਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ | ਮਕਾਨ ਵੇਚਣ ਦੀ ਕਾਰਵਾਈ ਸਬੰਧੀ ਉਸਨੂੰ 24 ਨਵੰਬਰ, 2025 ਨੂੰ ਆਪਣੇ ਮੋਬਾਈਲ ਫੋਨ 'ਤੇ ਇਕ ਮੈਸੇਜ ਰਾਹੀਂ ਪਤਾ ਲੱਗਾ | ਉਸਨੇ ਤੁਰੰਤ ਹੀ ਡਿਪਟੀ ਕਮਿਸ਼ਨਰ, ਬਠਿੰਡਾ ਨੂੰ ਵਿਕਰੀ ਸਰਟੀਫਿਕੇਟ ਰਜਿਸਟਰ ਨਾ ਕਰਨ ਦੀ ਬੇਨਤੀ ਕੀਤੀ ਅਤੇ ਬੈਂਕ ਮੈਨੇਜਰ ਨਾਲ ਵੀ ਗੱਲ ਕੀਤੀ, ਪਰ ਮੈਨੇਜਰ ਨੇ ਉਸਦੀ ਬੇਨਤੀ ਨੂੰ ਨਜ਼ਰਅੰਦਾਜ਼ ਕਰ ਦਿੱਤਾ | ਪੀੜਤ ਨੇ ਉੱਚ ਅਧਿਕਾਰੀਆਂ ਨੇ ਉਸ ਨਾਲ ਧੋਖਾ ਕਰਨ ਵਾਲੇ ਬੈਂਕ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਜਦੋਂ ਇਸ ਮਾਮਲੇ ਸਬੰਧੀ ਬੈਂਕ ਮੈਨੇਜਰ ਦੀਪਕ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਕਾਨ ਵੇਚਣ ਸਬੰਧੀ ਕਾਰਵਾਈ ਕਰਨਾ ਰਿਕਵਰੀ ਏਜੰਸੀ ਦੀ ਡਿਊਟੀ ਹੈ, ਇਸ ਵਿਚ ਉਨ੍ਹਾਂ ਦਾ ਕੋਈ ਰੋਲ ਨਹੀਂ ਹੈ |