ਬਠਿੰਡਾ, 24 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਆਸ ਵੈੱਲਫੇਅਰ ਸੁਸਾਇਟੀ ਬਠਿੰਡਾ ਵਲੋਂ ਸਕੂਲੀ ਬੱਚਿਆਂ ਨੂੰ ਜੈਕਟਾਂ ਵੰਡੀਆਂ ਗਈਆਂ ਤੇ ਇਸ ਤੋਂ ਇਲਾਵਾ ਵੱਡੀ ਉਮਰ ਦੇ ਬਜ਼ੁਰਗਾਂ ਨੂੰ ਵੀ ਠੰਡ ਤੋਂ ਬਚਾਅ ਲਈ ਜੈਕਟਾਂ ਦਿੱਤੀਆਂ ਗਈਆਂ | ਇਸ ਮੌਕੇ ਆਸ ਵੈੱਲਫੇਅਰ ਸੁਸਾਇਟੀ ਦੀ ਪ੍ਰਧਾਨ ਰਿਤੂ ਸਵੇਰਾ ਨੇ ਕਿਹਾ ਕਿ ਉਨ੍ਹਾਂ ਦੇ ਸੰਸਥਾ ਵਲੋਂ ਲਗਾਤਾਰ ਸਮਾਜਸੇਵਾ ਦੇ ਖੇਤਰ ਵਿਚ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਉਨ੍ਹਾਂ ਦੀ ਸੰਸਥਾ ਵਲੋਂ ਸਥਾਨਕ ਨੈਸ਼ਨਲ ਕਾਲੋਨੀ ਵਿਚ ਉਨ੍ਹਾਂ ਕੋਲ ਟਿਊਸ਼ਨ ਦੀ ਪੜ੍ਹਾਈ ਕਰ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਅਮਰਪੁਰਾ ਦੇ 60 ਵਿਦਿਆਰਥੀਆਂ ਨੂੰ ਜੈਕਟਾਂ ਮੁਹੱਈਆ ਕਰਵਾਈਆਂ ਗਈਆਂ ਹਨ ਤੇ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਹੋਰਨਾਂ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਜੈਕਟਾਂ ਪ੍ਰਦਾਨ ਕੀਤੀਆਂ ਜਾਣਗੀਆਂ | ਇਸ ਮੌਕੇ ਉਨ੍ਹਾਂ ਨਾਲ ਰਜਿੰਦਰ ਕੌਰ ਅਤੇ ਸੰਸਥਾ ਦੇ ਹੋਰ ਮੈਂਬਰ ਵੀ ਮੌਜੂਦ ਸਨ |