ਮਲੌਦ, 1 ਜੂਨ (ਸਹਾਰਨ ਮਾਜਰਾ)-ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਜਾਣ ਵਾਲੀਆਂ ਸੰਗਤਾਂ ਨੂੰ ਸੁਵਿਧਾਵਾਂ ਦੇਣ ਲਈ ਰਸਤੇ ਵਿਚ ਸੁਸ਼ੋਭਿਤ ਗੁਰਦੁਆਰਾ ਦਮਦਮਾ ਸਾਹਿਬ ਨਗਰਾਸੂ ਉੱਤਰਾਖੰਡ ਵਿਖੇ ਵਿਸ਼ਰਾਮ ਅਤੇ ਹੋਰ ਸੇਵਾਵਾਂ ਲਈ ਵੱਖ ਵੱਖ ਇਲਾਕਿਆਂ ਵਿਚੋਂ ਵੱਡੀ ਗਿਣਤੀ ਵਿਚ ਸੰਗਤਾਂ ਪੁੱਜ ਰਹੀਆਂ ਹਨ | ਇਹ ਗੱਲ ਮੁੱਖ ਸੇਵਾਦਾਰ ਸੰਤ ਬੇਅੰਤ ਸਿੰਘ ਲੰਗਰਾਂ ਵਾਲੇ ਅਤੇ ਸੰਤ ਸੁਖਦੇਵ ਸਿੰਘ ਬੇਰ ਕਲਾਂ ਕਾਰ ਸੇਵਾ ਵਾਲਿਆਂ ਨੇ ਆਖੀ | ਉਨ੍ਹਾਂ ਕਿਹਾ ਕਿ ਨਗਰ ਬੇਰ ਕਲਾਂ, ਲੁਧਿਆਣਾ, ਸ਼੍ਰੀ ਅੰਮਿ੍ਤਸਰ ਸਾਹਿਬ, ਪਾਇਲ, ਦੋਰਾਹਾ, ਮਲੌਦ ਸਮੇਤ ਵੱਖ ਵੱਖ ਥਾਵਾਂ ਤੋਂ ਸੰਗਤਾਂ ਰਾਸ਼ਨ, ਬਾਲਣ ਆਦਿ ਲੈ ਕੇ ਆ ਰਹੇ ਹਨ | ਜਿਨ੍ਹਾਂ ਦਾ ਸਮੁੱਚੀ ਕਮੇਟੀ ਵੱਲੋਂ ਕੋਟਿਨ ਕੋਟਿ ਧੰਨਵਾਦ ਕੀਤਾ ਜਾਂਦਾ ਹੈ | ਸੰਤ ਬਾਬਾ ਸੁਖਦੇਵ ਸਿੰਘ ਬੇਰ ਕਲਾਂ ਨੇ ਦੱਸਿਆ ਕਿ ਪਿਛਲੇ ਕਰੀਬ 27 ਸਾਲਾਂ ਤੋਂ ਸੰਗਤਾਂ ਦੀ ਸੇਵਾ ਵਿਚ ਜੁਟੇ ਨਿਰਮਲ ਡੇਰਾ ਬੇਰ ਕਲਾਂ ਵਲੋਂ ਡੇਰੇ ਦੇ ਬਾਨੀ ਮਹਾਂਪੁਰਖ ਬਾਬਾ ਠਾਕੁਰ ਗੁਲਾਬ ਸਿੰਘ ਦੀ ਬੰਦਗੀ ਸੇਵਾ ਸਿਮਰਨ ਸਦਕਾ ਸੰਤ ਬੇਅੰਤ ਸਿੰਘ ਵਲੋਂ ਸੰਗਤਾਂ ਲਈ 5 ਮਹੀਨੇ ਨਿਰੰਤਰ ਲੰਗਰ ਸੇਵਾ, ਦਵਾਈਆਂ, ਰਿਹਾਇਸ਼ ਅਤੇ ਕਥਾ ਕੀਰਤਨ ਦੀਆਂ ਸੇਵਾਵਾਂ ਆਦਿ ਸੇਵਾਵਾਂ ਨਿਭਾਈਆਂ ਜਾਣਗੀਆਂ | ਇਸੇ ਕੜੀ ਤਹਿਤ 24 ਘੰਟੇ ਚੱਲ ਰਹੇ ਲੰਗਰਾਂ ਦੀ ਸੇਵਾ ਵਾਸਤੇ ਨਿਰਮਲ ਡੇਰਾ ਬੇਰ ਕਲਾਂ ਤੋਂ ਅਰਦਾਸ ਬੇਨਤੀ ਕਰਨ ਉਪਰੰਤ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਲੰਗਰ ਰਸਦਾਂ ਵਿਚ ਬਾਸਮਤੀ ਚੌਲ, ਦੇਸੀ ਘਿਓ, ਸਰੋਂ ਦਾ ਤੇਲ, ਦਾਲਾਂ, ਬੇਸਣ, ਆਚਾਰ, ਮਿਰਚ ਮਸਾਲੇ, ਚਾਹ, ਸੁਕਾ ਦੁੱਧ, ਆਟਾ, ਮੈਦਾ, ਚੀਨੀ ਖੰਡ ਆਦਿ ਰਾਸ਼ਨ ਸ਼ਾਮਿਲ ਹੈ | ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਇਨ੍ਹਾਂ ਲੰਗਰ ਸੇਵਾਵਾਂ ਵਿਚ ਯੋਗਦਾਨ ਪਾ ਸਕਦਾ ਹੈ | ਸੰਤ ਸੁਖਦੇਵ ਸਿੰਘ ਨੇ ਕਿਹਾ ਕਿ ਨਿਰਮਲ ਡੇਰਾ ਬੇਰ ਕਲਾਂ ਵੱਲੋਂ ਸੈਂਕੜੇ ਲੜਕੀਆਂ ਦੀਆਂ ਸ਼ਾਦੀਆਂ, ਵੱਖ ਵੱਖ ਬਿਮਾਰੀਆਂ ਦੇ ਇਲਾਜ ਲਈ ਕੈਂਪ, ਕਿਸਾਨੀ ਸੰਘਰਸ਼ ਦੌਰਾਨ ਵੱਡੀਆਂ ਸੇਵਾਵਾਂ ਤੋਂ ਇਲਾਵਾ ਹਮੇਸ਼ਾ ਮਾਨਵਤਾ ਦੀ ਭਲਾਈ ਲਈ ਦਿਨ ਰਾਤ ਮਨੁੱਖਤਾ ਲਈ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਜੋ ਜਾਰੀ ਰੱਖਣ ਲਈ ਸੰਗਤ ਦਾ ਸਹਿਯੋਗ ਬਹੁਤ ਜ਼ਰੂਰੀ ਹੈ | ਇਸ ਮੌਕੇ ਭਾਈ ਸਵਰਨਜੀਤ ਸਿੰਘ ਸੋਨੀ, ਬਾਬਾ ਵਾਹਿਗੁਰੂ ਸਿੰਘ, ਪਰਗਟ ਸਿੰਘ, ਪੂਹਲਾ, ਭੋਲਾ ਸਿੰਘ, ਸੁਖਦੇਵ ਸਿੰਘ, ਜਗਰੂਪ ਸਿੰਘ, ਫਰਮਾਨ ਸਿੰਘ, ਰਾਜਿੰਦਰ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ |