ਖੰਨਾ, 1 ਸਤੰਬਰ (ਹਰਜਿੰਦਰ ਸਿੰਘ ਲਾਲ)-ਸਨ ਸਿਟੀ ਕਾਲੋਨੀ ਵਿਚ ਗਣੇਸ਼ ਉਤਸਵ ਕਮੇਟੀ ਵਲੋਂ 14ਵਾਂ ਗਣੇਸ਼ ਉਤਸਵ ਮਨਾਇਆ ਗਿਆ | ਕਲੋਨੀ ਵਾਸੀਆਂ ਵਲੋਂ ਸਾਂਝੇ ਤੌਰ 'ਤੇ ਕਰਵਾਏ ਗਏ ਇਸ ਪੰਜ ਰੋਜ਼ਾ ਗਣੇਸ਼ ਉਤਸਵ ਦੇ ਚੌਥੇ ਦਿਨ ਖੰਨਾ ਹਲਕੇ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਆਪਣੀ ਪਤਨੀ ਕਮਲਜੀਤ ਕੌਰ ਸੌਂਦ, ਭਰਜਾਈ ਅਜੀਤ ਕੌਰ ਸੌਂਦ ਅਤੇ 'ਆਪ' ਆਗੂ ਕੌਂਸਲਰ ਜਤਿੰਦਰ ਪਾਠਕ, ਕੌਂਸਲਰ ਸਰਵਦੀਪ ਸਿੰਘ ਕਾਲੀਰਾਓ, ਕੌਂਸਲਰ ਸੁਰਿੰਦਰ ਬਾਵਾ, ਮਨੂ ਮਨੋਚਾ, ਗੁਰਦੀਪ ਮਸ਼ਾਲ ਵਿੱਕੀ, ਦੁਸਹਿਰਾ ਕਮੇਟੀ ਖੰਨਾ ਦੇ ਪ੍ਰਧਾਨ ਵਿਕਾਸ ਅਗਰਵਾਲ, ਜਨਰਲ ਸਕੱਤਰ ਹੈਪੀ ਮਲਹੋਤਰਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਦਾ ਗਣੇਸ਼ ਉਤਸਵ ਕਮੇਟੀ ਅਤੇ ਸਨ ਸਿਟੀ ਪਰਿਵਾਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਮੰਤਰੀ ਸੌਂਦ ਅਤੇ ਉਨ੍ਹਾਂ ਨਾਲ ਆਏ ਸਾਰੇ ਪਤਵੰਤਿਆਂ ਦਾ ਸਮੁੱਚੇ ਕਾਲੋਨੀ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਕਾਲੋਨੀ ਨਿਵਾਸੀਆਂ ਦੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਝਲਕੀਆਂ ਤਿਆਰ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਲਈ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਾਲੋਨੀ ਵਾਸੀਆਂ ਵਲੋਂ ਕਰਵਾਏ ਗਏ ਧਾਰਮਿਕ ਸਮਾਗਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਾਲੋਨੀ ਦੇ ਮਾਪੇ ਇੰਨੀ ਛੋਟੀ ਉਮਰ ਦੇ ਬੱਚਿਆਂ ਨੂੰ ਜੋ ਕਦਰਾਂ-ਕੀਮਤਾਂ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਧਰਮ ਦੀ ਪਾਲਣਾ ਕਰਦੇ ਹੋਏ ਫ਼ਰਜ਼ ਦੀ ਕਦਰ ਸਿਖਾ ਰਹੇ ਹਨ |