ਸਮਰਾਲਾ, 1 ਸਤੰਬਰ (ਗੋਪਾਲ ਸੋਫਤ)-ਕੱਲ੍ਹ ਸਥਾਨਕ ਅਨਾਜ ਮੰਡੀ 'ਚ ਚੰਡੀਗੜ੍ਹ ਖ਼ਾਲਸਾ ਕਾਲਜ ਅਤੇ ਏ. ਐੱਸ. ਖੰਨਾ ਕਾਲਜ ਦੇ ਵਿਦਿਆਰਥੀਆਂ ਦੀ ਜਥੇਬੰਦੀ ਦੇ ਪ੍ਰਧਾਨ ਰਹੇ ਰਾਧੇਸ਼ ਸ਼ਰਮਾ (ਨਿਸ਼ੂ ਚਹਿਲਾਂ) ਨੂੰ ਭਾਜਪਾ 'ਚ ਸ਼ਾਮਿਲ ਹੋਣ ਸਮੇਂ ਕਰਵਾਈ ਗਈ ਸਵਾਗਤ ਰੈਲੀ 'ਚ ਹੋਏ ਵੱਡੇ ਇਕੱਠ ਸਦਕਾ ਭਾਜਪਾ ਦੇ ਵੱਡੇ ਆਗੂ ਅਤੇ ਸਥਾਨਕ ਅਹੁਦੇਦਾਰ ਬਾਗੋ ਬਾਗ ਹਨ | ਨਿਸ਼ੂ ਚਹਿਲਾਂ ਨੂੰ ਕੱਲ੍ਹ ਵੱਡੀ ਰੈਲੀ 'ਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਪੰਜਾਬ ਭਾਜਪਾ ਦੀ ਲੀਡਰਸ਼ਿਪ ਦੀ ਹਾਜ਼ਰੀ 'ਚ ਭਾਜਪਾ ਵਿਚ ਸ਼ਾਮਿਲ ਕੀਤਾ ਗਿਆ ਸੀ¢ ਰੈਲੀ ਵਿਚ ਹੋਏ ਵੱਡੇ ਇਕੱਠ ਲਈ ਵਰ੍ਹਦੇ ਮੀਂਹ ਦੇ ਬਾਵਜੂਦ ਨਾ ਸਿਰਫ਼ ਵੱਡੇ ਪੰਡਾਲ 'ਚ ਬੈਠਣ ਦੇ ਪ੍ਰਬੰਧ ਛੋਟੇ ਪੈ ਗਏ ਸਨ | ਬਲਕਿ ਸਮਰਾਲਾ ਦੀ ਅਨਾਜ ਮੰਡੀ ਨੂੰ ਆਉਣ ਵਾਲੀਆਂ ਸੜਕਾਂ 'ਤੇ ਕਈ ਕਈ ਕਿੱਲੋਮੀਟਰ ਤੱਕ ਟਰੈਫ਼ਿਕ ਜਾਮ ਹੋ ਕੇ ਰਹਿ ਗਿਆ ਸੀ¢ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਅਨਿਲ ਸਰੀਨ, ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੇ ਰੈਲੀ ਦਾ ਇਕੱਠ ਵੇਖ ਕੇ ਕਿਹਾ ਕਿ ਇਸ ਰੈਲੀ ਵਿਚ ਨੌਜਵਾਨਾਂ ਦਾ ਉਤਸ਼ਾਹ ਵੇਖ ਕੇ ਸਾਫ਼ ਹੋ ਗਿਆ ਹੈ ਕਿ ਅਗਲੀਆਂ ਚੋਣਾਂ ਵਿਚ ਪੰਜਾਬ 'ਚ ਵੀ ਭਾਜਪਾ ਦੀ ਸਰਕਾਰ ਬਣੇਗੀ ਅਤੇ ਉਨ੍ਹਾਂ ਨੇ ਨਿਸ਼ੂ ਚਹਿਲਾਂ ਨੂੰ ਥਾਪੜਾ ਦਿੰਦਿਆਂ ਸੰਕੇਤ ਦਿੱਤਾ ਕਿ ਉਸ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ¢ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਸਾਬਕਾ ਮੈਂਬਰ ਐਡਵੋਕੇਟ ਅਨਿਲ ਗੁਪਤਾ ਨੇ ਕਿਹਾ ਕਿ ਭਾਜਪਾ 'ਚ ਅਜਿਹਾ ਕਲਚਰ ਹੈ ਕਿ ਵਿਧਾਇਕ ਤੋਂ ਲੈ ਕੇ ਮੰਤਰੀ ਤੱਕ ਭਾਜਪਾ ਦੇ ਹਰ ਵਰਕਰ ਨੂੰ ਸਨਮਾਨ ਦਿੰਦੇ ਹਨ ¢ ਇਸ ਮੌਕੇ 'ਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਅਜੀਤ ਗੁਪਤਾ, ਡਾ. ਅਸ਼ੋਕ ਸ਼ਰਮਾ ਨੇ ਦੱਸਿਆ ਕਿ ਰੈਲੀ 'ਚ ਇਕੱਠ ਵੱਧ ਹੋਣ ਕਾਰਨ ਲੰਗਰ ਥੋੜਾ ਰਹਿ ਗਿਆ¢ ਮੰਡਲ ਪ੍ਰਧਾਨ ਸੰਦੀਪ ਭਾਰਤੀ, ਜ਼ਿਲ੍ਹਾ ਉਪ ਪ੍ਰਧਾਨ ਬਲਰਾਮ ਸ਼ਰਮਾ, ਮਨੋਜ ਤਿਵਾੜੀ, ਅਬਰੇਸ਼ ਵਰਮਾ ਨੇ ਕਿਹਾ ਕਿ ਇਸ ਰੈਲੀ ਦੇ ਵੱਡੇ ਇਕੱਠ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਹੋਰਨਾਂ ਹਲਕਿਆਂ ਦੀ ਤਰ੍ਹਾਂ ਇਸ ਹਲਕੇ ਦੇ ਦੋਵਾਂ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਭਾਜਪਾ ਦਾ ਆਧਾਰ ਵਧ ਗਿਆ ਹੈ ¢ ਇਸ ਮੌਕੇ 'ਤੇ ਨਿਸ਼ੂ ਚਹਿਲਾਂ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਚੰਗੇ ਅਤੇ ਲੋਕ ਹਿਤ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ 'ਚ ਸ਼ਾਮਿਲ ਹੋਏ ਹਨ |