ਸਿੱਧਵਾਂ ਬੇਟ, 3 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਪਿਛਲੇ ਕਈ ਦਿਨਾਂ ਤੋਂ ਭਾਰੀ ਬਰਸਾਤ ਦੀ ਮਾਰ ਝੱਲ ਰਹੇ ਲੋਕਾਂ ਨੂੰ ਹੁਣ ਸਰਕਾਰ ਦੀ ਅਣਦੇਖੀ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ | ਭਾਵੇਂ ਕਈ ਸਮਾਜਸੇਵੀ ਸੰਸਥਾਵਾਂ ਲੋੜਵੰਦ ਪਰਿਵਾਰਾਂ ਨੂੰ ਸਿਰ ਢੱਕਣ ਲਈ ਤਰਪਾਲਾਂ ਦੇ ਰਹੀਆਂ ਹਨ, ਪਰ ਸੂਬਾ ਸਰਕਾਰ ਇਨ੍ਹਾਂ ਲੋਕਾਂ ਨੂੰ ਬਿਲਕੁਲ ਅਣਗੌਲਿਆਂ ਕਰਦੀ ਵਿਖਾਈ ਦੇ ਰਹੀ | ਇਸੇ ਤੋਂ ਦੁਖੀ ਹੋ ਕੇ ਲਾਗਲੇ ਪਿੰਡ ਪਰਜੀਆਂ ਬਿਹਾਰੀਪੁਰ, ਕੰਨੀਆਂ ਹੁਸੈਨੀ, ਭੈਣੀ ਅਰਾਈਆਂ, ਗੋਰਸੀਆਂ ਖਾਨ ਮਹੁੰਮਦ, ਸਲੇਮਪੁਰਾ ਟਿੱਬਾ, ਕੋਟਉਮਰਾ, ਅੱਬੂਪੁਰਾ, ਸਿੱਧਵਾਂ ਬੇਟ ਆਦਿ ਪਿੰਡਾਂ ਦੇ ਲੋਕਾਂ ਵਲੋਂ ਤਰਪਾਲਾਂ ਨਾ ਮਿਲਣ 'ਤੇ ਸਥਾਨਕ ਬਲਾਕ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਲਗਾਇਆ ਗਿਆ | ਇਸ ਮੌਕੇ ਕਾਮ. ਬਲਜੀਤ ਸਿੰਘ ਗੋਰਸੀਆਂ ਅਤੇ ਪਿੰਡ ਪਰਜੀਆਂ ਦੇ ਸਰਪੰਚ ਜਸਵੀਰ ਸਿੰਘ ਨੇ ਆਖਿਆ ਕਿ ਇਕ ਪਾਸੇ ਤਾਂ ਲੋਕ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਘਰਾਂ ਦੀਆਂ ਛੱਤਾਂ ਦੇ ਚੋਣ ਕਾਰਨ ਪ੍ਰੇਸ਼ਾਨ ਹਨ ਪਰ ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਲਈ ਭੇਜੀਆਂ ਜਾ ਰਹੀਆਂ ਤਰਪਾਲਾਂ ਪ੍ਰਸ਼ਾਸਨ ਸਿਰਫ਼ ਸੱਤਾ ਧਿਰ ਨਾਲ ਸੰਬੰਧਤ ਸਰਪੰਚਾਂ ਨੂੰ ਹੀ ਦੇ ਰਿਹਾ ਹੈ | ਉਨ੍ਹਾਂ ਸਥਾਨਕ ਬੀ.ਡੀ.ਪੀ.ਓ. 'ਤੇ ਦੋਸ਼ ਲਗਾਉਂਦਿਆਂ ਆਖਿਆ ਕਿ ਦਫ਼ਤਰ ਵਿਚ ਤਰਪਾਲਾਂ ਹੋਣ ਦੇ ਬਾਵਜੂਦ ਵੀ ਅਧਿਕਾਰੀਆਂ ਵਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਨਹੀਂ ਦਿੱਤੀਆਂ ਜਾ ਰਹੀਆਂ | ਕਾਮ. ਗੋਰਸੀਆਂ ਨੇ ਇਹ ਵੀ ਆਖਿਆ ਕਿ ਸੂਬਾ ਸਰਕਾਰ ਦੇ ਨਾਲ-ਨਾਲ ਕਈ ਦੁਕਾਨਦਾਰ ਭਰਾ ਵੀ ਲੋਕਾਂ ਦਾ ਸੋਸ਼ਣ ਕਰਕੇ ਉਨ੍ਹਾਂ ਨੂੰ ਮਹਿੰਗੇ ਵਿਚ ਤਰਪਾਲਾਂ ਵੇਚ ਰਹੇ ਹਨ, ਜਿੰਨ੍ਹਾਂ ਖ਼ਿਲਾਫ਼ ਵੀ ਸਰਕਾਰ ਕਾਰਵਾਈ ਕਰੇ | ਇਸ ਦੌਰਾਨ ਧਰਨਾਕਾਰੀਆਂ ਵਲੋਂ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਸੰਬੰਧੀ ਬੀ.ਡੀ.ਪੀ.ਓ. ਗੁਰਵਿੰਦਰ ਕੌਰ ਨੇ ਆਖਿਆ ਕਿ ਬਿਨ੍ਹਾਂ ਕਿਸੇ ਪੱਖਪਾਤ 'ਤੇ ਸਾਡੇ ਵਲੋਂ ਸਰਪੰਚ ਵਲੋਂ ਦਿੱਤੀਆਂ ਲਿਸਟਾਂ ਅਨੁਸਾਰ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਦਿੱਤੀਆਂ ਜਾ ਰਹੀਆਂ ਹਨ |