ਸਾਹਨੇਵਾਲ, 3 ਸਤੰਬਰ (ਹਨੀ ਚਾਠਲੀ)- ਸਾਹਨੇਵਾਲ 'ਚ ਬਾਰਿਸ਼ ਕਾਰਨ ਕਈ ਘਰਾਂ ਦੀਆਂ ਛੱਤਾਂ 'ਚੋਂ ਪਾਣੀ ਟਪਕਣਾ ਸ਼ੁਰੂ ਹੋ ਗਿਆ ਹੈ, ਜਿਸ ਕਰ ਕੇ ਲੋਕਾਂ ਦੀ ਜ਼ਿੰਦਗੀ ਬਹੁਤ ਮੁਸ਼ਕਿਲ ਹੋ ਗਈ ਹੈ | ਇਸ ਸਥਿਤੀ ਦਾ ਜਾਇਜ਼ਾ ਲੈਣ ਲਈ ਵਾਰਡ ਨੰ. 5 ਦੇ 'ਆਪ' ਦੇ ਸੀਨੀਅਰ ਆਗੂ ਧਰਮਿੰਦਰ ਕੁਮਾਰ ਕਾਲੀ ਅਤੇ ਵਾਰਡ ਨੰ. 5 ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੀਪਕ ਦੀਨੰੂ ਨੇ ਦੌਰਾ ਕਰ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਮੌਕੇ ਕਾਲੀ ਤੇ ਦੀਨੰੂ ਨੇ ਦੱਸਿਆ ਕਿ ਲੋਕਾਂ ਦੇ ਘਰਾਂ ਦੀਆਂ ਛੱਤਾਂ ਵਿਚੋਂ ਟਪਕ ਰਹੇ ਬਾਰਿਸ਼ ਦੇ ਪਾਣੀ ਤੋਂ ਬਚਾਅ ਕਰਨ ਦੇ ਉਪਰਾਲੇ ਨਾਲ ਅੱਜ ਪਰਿਵਾਰਾਂ ਨੰੂ ਤਰਪਾਲਾਂ ਵੰਡਣ ਦੀ ਸ਼ੁਰੂਆਤ ਕੀਤੀ ਗਈ ਹੈ | ਜਿਸ ਦੇ ਤਹਿਤ ਸਾਹਨੇਵਾਲ ਇਲਾਕੇ ਦੇ ਕਈ ਪਰਿਵਾਰਾਂ ਨੰੂ ਤਰਪਾਲਾਂ ਦਿੱਤੀਆਂ ਗਈਆਂ ਹਨ ਤਾਂ ਜੋ ਘਰਾਂ ਦੀਆਂ ਛੱਤਾਂ ਵਿਚੋਂ ਟਪਕ ਰਹੇ ਬਾਰਸ਼ ਦੇ ਪਾਣੀ ਤੋਂ ਬਚਾਅ ਕੀਤਾ ਜਾ ਸਕੇ | ਕਾਲੀ ਤੇ ਦੀਨੰੂ ਨੇ ਕਿਹਾ ਕਿ ਔਖੇ ਸਮੇਂ ਵਿਚ ਅਸੀਂ ਲੋੜਵੰਦ ਪਰਿਵਾਰ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਨੰੂ ਹਰੇਕ ਸੰਭਵ ਮਦਦ ਪਹੁੰਚਾਈ ਜਾਵੇਗੀ | ਇਸ ਮੌਕੇ ਕੁਲਦੀਪ ਐਰੀ ਬਲਾਕ ਪ੍ਰਧਾਨ, ਸ਼ੰਮੀ ਕੁਮਾਰ, ਸਤਿੰਦਰ ਤਿੰਦੀ ਸਾਹਨੇਵਾਲ, ਲਾਲੀ ਸੰਧੂ ਆਦਿ ਹਾਜ਼ਰ ਸਨ |