ਖੰਨਾ, 3 ਸਤੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ ਨੇ ਦੱਸਿਆ ਕਿ 5 ਸਤੰਬਰ ਨੂੰ ਹੜ੍ਹ ਪ੍ਰਭਾਵਿਤਾਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਕੌਮੀ ਆਫ਼ਤ ਫ਼ੰਡ ਐਲਾਨਣ ਤੇ ਹੜ੍ਹ ਪੀੜਤਾਂ ਦੀਆਂ ਹੋਰ ਮੰਗਾਂ ਲਈ ਜ਼ਿਲ੍ਹਾ ਹੈੱਡਕੁਆਟਰ (ਡੀ. ਸੀ.) ਲੁਧਿਆਣਾ ਵਿਖੇ ਧਰਨਾ ਦੇ ਕੇ ਮੰਗ-ਪੱਤਰ ਦਿੱਤਾ ਜਾਵੇਗਾ | ਆਗੂਆਂ ਕਿਹਾ ਕਿ ਜਾਨੀ ਮਾਲੀ ਨੁਕਸਾਨ ਦੀ ਭਰਪਾਈ ਫੌਰੀ ਕੀਤੀ, ਸਾਡੀਆਂ ਥਾਵਾਂ ਸਕੂਲ, ਧਰਮਸ਼ਾਲਾ ਤੇ ਪਬਲਿਕ ਥਾਵਾਂ ਜੋ ਨੁਕਸਾਨੀਆਂ ਗਈਆਂ ਹਨ, ਦੀ ਮੁੜ ਉਸਾਰੀ ਲਈ ਫ਼ੰਡ ਮੁਹੱਈਆ ਕਰਵਾਇਆ ਜਾਵੇ, ਬਰਸਾਤੀ ਪਾਣੀ ਨਾਲ ਬਿਮਾਰੀਆਂ ਦੇ ਫੈਲਣ ਕਾਰਨ ਦੀ ਰੋਕਥਾਮ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾਣ, ਦਰਿਆਵਾਂ, ਡਰੇਨਾ, ਧੁੱਸੀ ਬੰਨ੍ਹ ਦੀ ਪੜਤਾਲ, ਸਫਾਈ ਤੇ ਮੁਰੰਮਤ ਨਾ ਕਰਨ ਵਾਲਿਆ ਤੇ ਕੋਤਾਹੀ ਕਰਨ ਵਾਲੀ ਦੋਸ਼ੀ ਸਿਆਸੀ ਲੀਡਰਸ਼ਿਪ ਤੇ ਅਫ਼ਸਰਸ਼ਾਹੀ ਦੀ ਪੜਤਾਲ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਫਲੱਡ ਗੇਟ, ਡੈਮਾਂ ਦੀ ਨਵੀਨ ਤਕਨੀਕ ਨਾਲ ਠੀਕ ਕੀਤੇ ਜਾਣ, ਬੱਦਲਾਂ ਦਾ ਫੱਟਣਾ, ਹੜ੍ਹਾਂ ਦੀ ਮਾਰ ਤੇ ਤੂਫ਼ਾਨਾਂ ਦੀ ਤਬਾਹੀ ਵਰਗੇ ਸਭ ਵਰਤਾਰੇ ਕੁਦਰਤ ਨਾਲ ਛੇੜਛਾੜ ਦਾ ਸਿੱਟਾ ਹੈ | ਸਰਕਾਰਾਂ ਦੀਆਂ ਕਾਰਪੋਰੇਟ ਮਾਡਲ ਤੋਂ ਪ੍ਰੇਰਿਤ ਨੀਤੀਆਂ ਦਾ ਸਿੱਟਾ ਹੈ | ਇਹਨਾਂ ਨੀਤੀਆਂ ਨੂੰ ਰੱਦ ਕੀਤਾ ਜਾਏ |