ਬੀਜਾ, 4 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਦਹਿੜੂ ਵਿਖੇ ਵੀਰਵਾਰ ਦੀ ਸਵੇਰ ਇਕ ਗਰੀਬ ਪਰਜਾਪਤ ਭਾਈਚਾਰੇ ਨਾਲ ਸੰਬੰਧਿਤ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਬਜ਼ੁਰਗਾਂ ਵਲੋਂ ਆਪਣੀ ਮਿਹਨਤ ਮਜ਼ਦੂਰੀ ਨਾਲ ਬਣਾਏ ਡਬਲ ਸਟੋਰੀ ਮਕਾਨ ਦੀ ਛੱਤ ਡਿਗ ਪਈ | ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਦਿੰਦੇ ਹੋਏ ਪਿੰਡ ਦਹਿੜੂ ਦੇ ਵਸਨੀਕ ਗੁਰਮੇਲ ਸਿੰਘ ਗਿੱਲੂ ਨੇ ਦੱਸਿਆ ਕਿ ਲੰਘੀ ਰਾਤ ਤੋਂ ਪੈ ਰਹੀ ਬਾਰਸ਼ ਕਾਰਨ ਸਾਰਾ ਪਰਿਵਾਰ ਘਰ ਵਿਚ ਹੀ ਆਰਾਮ ਕਰ ਰਿਹਾ ਸੀ, ਛੱਤ 'ਤੇ ਪਾਣੀ ਭਰ ਗਿਆ ਸੀ ਜਦੋਂ ਉਹ ਪਾਣੀ ਕੱਢ ਕੇ ਹੇਠਾਂ ਵਾਪਸ ਆਇਆ ਤਾਂ ਛੱਤ ਪੂਰੀ ਦੀ ਪੂਰੀ ਹੇਠਾਂ ਡਿਗ ਪਈ | ਇਸ ਨਾਲ ਪੂਰੇ ਮਕਾਨ ਵਿਚ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ ਹਨ | ਮਕਾਨ ਮਾਲਕ ਨੇ ਦੱਸਿਆ ਕਿ ਇਹ ਸਾਡੇ ਬਜ਼ੁਰਗਾਂ ਵਲੋਂ ਪੁਰਾਣੇ ਸਮੇਂ 'ਚ ਡਬਲ ਸਟੋਰੀ ਦਾ ਮਕਾਨ ਤਿਆਰ ਕੀਤਾ ਹੋਇਆ ਸੀ | ਇਸ ਨਾਲ 2 ਤੋਂ ਤਿੰਨ ਲੱਖ ਦੇ ਕਰੀਬ ਨੁਕਸਾਨ ਹੋ ਗਿਆ | ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ |