ਖੰਨਾ, 5 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਰਾਹੌਣ ਇਲਾਕੇ 'ਚ ਭਾਰੀ ਮੀਂਹ ਕਾਰਨ ਇਕ ਵੱਡਾ ਹਾਦਸਾ ਹੋ ਗਿਆ ਪਰ ਖ਼ੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਮੀਂਹ ਦੌਰਾਨ ਡਿੱਗੇ ਘਰ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ | ਹਾਦਸੇ 'ਚ ਪਰਿਵਾਰ ਵਾਲ-ਵਾਲ ਬਚ ਗਿਆ | ਘਰ ਦੇ ਮਾਲਕ ਪਵਨ ਕੁਮਾਰ ਨੇ ਦੱਸਿਆ ਕਿ ਇਹ ਘਰ ਉਨ੍ਹਾਂ ਨੇ 8-9 ਸਾਲ ਪਹਿਲਾਂ ਆਪਣੀ ਮਿਹਨਤ ਦੀ ਕਮਾਈ ਨਾਲ ਬਣਾਇਆ ਸੀ ਪਰ ਘਰ ਦੇ ਨਾਲ ਇਕ ਕਾਲੋਨੀ ਦੀ ਚਾਰਦੀਵਾਰੀ ਲਈ ਲਗਪਗ 5 ਫੁੱਟ ਡੂੰਘੀ ਨੀਂਹ ਪੁੱਟ ਕੇ ਛੱਡ ਦਿੱਤੀ ਗਈ ਸੀ | ਮੀਂਹ ਪੈਣ ਕਾਰਨ ਨੀਂਹ 'ਚ ਪਾਣੀ ਭਰ ਗਿਆ ਤੇ ਉਸ ਦੇ ਘਰ ਦੀ ਨੀਂਹ ਕਮਜ਼ੋਰ ਹੋ ਗਈ | ਭਾਰੀ ਮੀਂਹ ਦੌਰਾਨ 31 ਅਗਸਤ ਨੂੰ ਉਨ੍ਹਾਂ ਦਾ ਘਰ ਕੁੱਝ ਹੀ ਪਲਾਂ 'ਚ ਢਹਿ ਗਿਆ | ਪਵਨ ਕੁਮਾਰ ਦੇ ਮੁਤਾਬਿਕ, ਉਨ੍ਹਾਂ ਦਾ ਲਗਪਗ 18 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਘਰ ਦਾ ਪਿਛਲਾ ਪੂਰਾ ਹਿੱਸਾ, ਜਿਸ 'ਚ ਉੱਪਰ ਦੇ ਦੋ ਕਮਰੇ ਤੇ ਹੇਠਾਂ ਬਣਿਆ ਹਾਲ ਤਰ੍ਹਾਂ ਢਹਿ ਗਿਆ ਹੈ | ਬਚਾਅ ਇਸ ਲਈ ਰਿਹਾ ਕਿ ਉਸ ਵੇਲੇ ਪਰਿਵਾਰ ਘਰ ਦੇ ਅੱਗੇ ਵਾਲੇ ਹਿੱਸੇ 'ਚ ਸੀ ਤੇ ਸਭ ਦੀ ਜਾਨ ਬਚ ਗਈ | ਇਹ ਪੂਰਾ ਹਾਦਸਾ ਸੀ. ਸੀ. ਟੀ. ਵੀ. ਕੈਮਰੇ 'ਚ ਰਿਕਾਰਡ ਹੋ ਗਿਆ | ਇਸ ਘਟਨਾ ਤੋਂ ਬਾਅਦ ਗੁਆਂਢੀ ਘਰ 'ਚ ਰਹਿਣ ਵਾਲੇ ਲੋਕ ਵੀ ਡਰ ਦੇ ਸਾਏ 'ਚ ਹਨ | ਸੁਖਵਿੰਦਰ ਸਿੰਘ, ਜੋ ਗੁਆਂਢ 'ਚ ਰਹਿੰਦਾ ਹੈ, ਨੇ ਕਿਹਾ ਕਿ ਉਸ ਨੇ ਆਪਣੀਆਂ ਅੱਖਾਂ ਨਾਲ ਗੁਆਂਢੀ ਦਾ ਘਰ ਡਿਗਦੇ ਦੇਖਿਆ ਹੈ | ਉਸ ਨੂੰ ਡਰ ਹੈ ਕਿ ਉਸ ਦੇ ਘਰ ਨੂੰ ਵੀ ਨੁਕਸਾਨ ਹੋ ਸਕਦਾ ਹੈ | ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਲਾਕੇ ਦੇ ਘਰਾਂ ਦੀ ਸੁਰੱਖਿਆ ਦੀ ਜਾਂਚ ਕਰਵਾਏ |